The Summer News
×
Saturday, 08 February 2025

'ਵੱਡੇ ਸੰਕਟ' 'ਚ ਫਸੇ ਇਸ ਦੇਸ਼ ਦੇ ਨਾਗਰਿਕਾਂ ਨੂੰ ਕੈਨੇਡਾ ਦੇਣ ਜਾ ਰਿਹਾ ਹੈ ਵੀਜ਼ਾ, ਜਾਣੋ ਕਿਉਂ ਲਿਆ ਗਿਆ ਇਹ ਫੈਸਲਾ?

ਓਟਾਵਾ: ਕੈਨੇਡਾ ਨੇ ਗਾਜ਼ਾ ਪੱਟੀ ਦੇ ਉਨ੍ਹਾਂ ਲੋਕਾਂ ਨੂੰ ਅਸਥਾਈ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਦੇ ਰਿਸ਼ਤੇਦਾਰ ਕੈਨੇਡਾ 'ਚ ਰਹਿੰਦੇ ਹਨ। ਇਸ ਸਬੰਧੀ ਵੀਰਵਾਰ ਰਾਤ ਨੂੰ ਜਾਣਕਾਰੀ ਦਿੰਦੇ ਹੋਏ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦੱਸਿਆ ਕਿ ਇਹ ਮੁਹਿੰਮ 9 ਜਨਵਰੀ ਤੱਕ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਫੈਡਰਲ ਸਰਕਾਰ ਨੇ ਜੰਗ ਪ੍ਰਭਾਵਿਤ ਖੇਤਰ ਤੋਂ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦਾ ਕੋਈ ਭਰੋਸਾ ਨਹੀਂ ਦਿੱਤਾ ਹੈ।


ਇਮੀਗ੍ਰੇਸ਼ਨ ਮੰਤਰੀ ਮਿਲਰ ਨੇ ਕਿਹਾ ਕਿ ਸਰਕਾਰ ਦਾ ਧਿਆਨ ਗਾਜ਼ਾ ਤੋਂ 660 ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਅਤੇ ਬੱਚਿਆਂ ਨੂੰ ਕੱਢਣ 'ਤੇ ਹੈ। ਮਿਲਰ ਨੇ ਕਿਹਾ ਕਿ ਸਰਕਾਰ ਕੈਨੇਡਾ 'ਚ ਵਿਸਤ੍ਰਿਤ ਪਰਿਵਾਰਕ ਸਬੰਧਾਂ ਵਾਲੇ ਲੋਕਾਂ ਦੀਆਂ ਅਰਜ਼ੀਆਂ ਸਵੀਕਾਰ ਕਰਨਾ ਸ਼ੁਰੂ ਕਰੇਗੀ, ਜਿਸ ਵਿੱਚ ਮਾਤਾ-ਪਿਤਾ, ਦਾਦਾ-ਦਾਦੀ, ਭੈਣ-ਭਰਾ ਅਤੇ ਪੋਤੇ-ਪੋਤੀਆਂ ਸ਼ਾਮਲ ਹਨ।


ਉਨ੍ਹਾਂ ਕਿਹਾ ਕਿ ਸਰਕਾਰ ਮਾਪਦੰਡਾਂ 'ਤੇ ਖਰੇ ਉਤਰਨ ਵਾਲਿਆਂ ਨੂੰ ਤਿੰਨ ਸਾਲ ਲਈ ਵੀਜ਼ਾ ਦੇਵੇਗੀ। ਮਿਲਰ ਨੇ ਕਿਹਾ ਕਿ ਉਹ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਇਸ ਮੁਹਿੰਮ ਤਹਿਤ ਕਿੰਨੇ ਲੋਕ ਕੈਨੇਡਾ ਆ ਸਕਦੇ ਹਨ ਪਰ ਉਨ੍ਹਾਂ ਕਿਹਾ ਕਿ ਇਹ ਗਿਣਤੀ ਸੈਂਕੜੇ ਵਿੱਚ ਹੋ ਸਕਦੀ ਹੈ।

Story You May Like