The Summer News
×
Monday, 20 May 2024

ਬੱਕਰੀ ਨੂੰ ਭਵਿੱਖ ਦੇ ਪਸ਼ੂ ਦੇ ਤੌਰ ’ਤੇ ਵਿਕਸਿਤ ਕਰਨਾ ਲੋੜੀਂਦਾ : ਵੈਟਨਰੀ ਮਾਹਿਰ

ਲੁਧਿਆਣਾ 22 ਮਈ 2023 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਤੇ ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਨੇ ਸਾਂਝੇ ਤੌਰ ’ਤੇ ਪਿੰਡ, ਜੇਠੂਕੇ ਵਿਖੇ ਬੱਕਰੀ ਪਾਲਕਾਂ ਲਈ ਇਕ ਖੇਤ ਦਿਵਸ ਦਾ ਆਯੋਜਨ ਕੀਤਾ। ਇਹ ਆਯੋਜਨ ਕੁੱਲ ਭਾਰਤੀ ਪੱਧਰ ’ਤੇ ਬੀਟਲ ਬੱਕਰੀ ਦੇ ਵਿਕਾਸ ਸੰਬੰਧੀ ਚਲਾਏ ਜਾ ਰਹੇ ਖੋਜ ਪ੍ਰਾਜੈਕਟ ਅਧੀਨ ਕੀਤਾ ਗਿਆ।


ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਹਜ਼ਾਰਾਂ ਪਰਿਵਾਰਾਂ ਦੀ ਜੀਵਿਕਾ ਕਮਾਉਣ ਹਿਤ ਬੱਕਰੀ ਪਾਲਣ ਦਾ ਰਾਸ਼ਟਰੀ ਅਰਥਚਾਰੇ ਵਿਚ ਮਹੱਤਵਪੂਰਨ ਯੋਗਦਾਨ ਹੈ। ਬੱਕਰੀ ਨੂੰ ਇਕ ਭਵਿੱਖ ਦੇ ਪਸ਼ੂ ਦੇ ਤੌਰ ’ਤੇ ਵਿਕਸਿਤ ਕੀਤਿਆਂ ਅਸੀਂ ਵੱਡੇ ਮੁਨਾਫ਼ੇ ਕਮਾ ਸਕਦੇ ਹਾਂ, ਕਿਉਂਕਿ ਬੱਕਰੀਆਂ ਸਖ਼ਤ ਹਾਲਾਤ ਵਿਚ ਵੀ ਰਹਿਣ ਦੀ ਉੱਚ ਸਮਰੱਥਾ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਖੇਤ ਦਿਵਸ, ਭਾਰਤੀ ਖੇਤੀ ਖੋਜ ਪਰਿਸ਼ਦ ਤੇ ਬੱਕਰੀਆਂ ’ਤੇ ਖੋਜ ਸੰਬੰਧੀ ਕੇਂਦਰੀ ਸੰਸਥਾ, ਮਖ਼ਦੂਮ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪੰਜ ਪਿੰਡਾਂ ਦੇ 15 ਕਿਸਾਨਾਂ ਨੇ 300 ਬੱਕਰੀਆਂ ਦੇ ਨਾਲ ਇਸ ਆਯੋਜਨ ਵਿਚ ਹਿੱਸਾ ਲਿਆ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਸਮੂਹਿਕ ਆਯੋਜਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ।


ਡਾ. ਸੰਦੀਪ ਕਾਸਵਾਨ ਨੇ ਇਸ ਖੋਜ ਪ੍ਰਾਜੈਕਟ ਦੇ ਮੁੱਖ ਉਦੇਸ਼ ਦੱਸੇ ਅਤੇ ਜਾਨਵਰਾਂ ਦੀ ਚੋਣ ਸੰਬੰਧੀ ਅਤੇ ਬਿਹਤਰ ਨਸਲ ਦੀ ਪਛਾਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਬੱਕਰੀ ਪਾਲਣ ਦਾ ਕਿੱਤਾ ਵਿਗਿਆਨਕ ਲੀਹਾਂ ’ਤੇ ਕਰਨਾ ਚਾਹੀਦਾ ਹੈ। ਡਾ. ਮਨਦੀਪ ਸਿੰਗਲਾ ਨੇ ਬੱਕਰੀ ਪਾਲਣ ਸੰਬੰਧੀ ਬਿਹਤਰ ਪ੍ਰਬੰਧਨ ਨੁਕਤਿਆਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਚੰਗੇ ਉਤਪਾਦਨ ਲਈ ਸਹੀ ਪ੍ਰਬੰਧਨ ਅਤੇ ਪਸ਼ੂ ਭਲਾਈ ਬਹੁਤ ਜ਼ਰੂਰੀ ਹੈ।


ਡਾ. ਅਰੁਣਬੀਰ ਸਿੰਘ ਨੇ ਚੰਗਾ ਉਤਪਾਦਨ ਦੇਣ ਵਾਲੇ ਪਸ਼ੂਆਂ ਦੇ ਮਾਪਦੰਡ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਬੀਟਲ ਬੱਕਰੀ ਇਸ ਖਿੱਤੇ ਵਿਚ ਸਭ ਤੋਂ ਵਧੀਆ ਉਤਪਾਦਨ ਦੇ ਰਹੀ ਹੈ। ਇਸ ਮੌਕੇ ’ਤੇ ਇਨ੍ਹਾਂ ਕਿਸਾਨਾਂ ਨੂੰ ਬੱਕਰੀਆਂ ਦੀ ਪੌਸ਼ਟਿਕ ਪੂਰਕ ਖੁਰਾਕ ਅਤੇ ਮੁੱਢਲੀ ਸਹਾਇਤਾ ਕਿੱਟਾਂ ਵੀ ਵੰਡੀਆਂ ਗਈਆਂ। ਉਨ੍ਹਾਂ ਨੂੰ ਯੂਨੀਵਰਸਿਟੀ ਦਾ ਸਾਹਿਤ ਵੀ ਦਿੱਤਾ ਗਿਆ। ਕਿਸਾਨਾਂ ਨੂੰ ਕਿਹਾ ਗਿਆ ਕਿ ਉਹ ਲਗਾਤਾਰ ਯੂਨੀਵਰਸਿਟੀ ਦੇ ਸੰਪਰਕ ਵਿਚ ਰਹਿਣ ਤੇ ਯੂਨੀਵਰਸਿਟੀ ਦੇ ਪਸ਼ੂ ਪਾਲਕ ਦੂਰ-ਸਲਾਹਕਾਰੀ ਕੇਂਦਰ ’ਤੇ ਯੂਟਿਊਬ ਚੈਨਲ ਰਾਹੀਂ ਜੁੜੇ ਰਹਿਣ।

Story You May Like