The Summer News
×
Monday, 13 May 2024

ਪੀ ਏ ਯੂ ਮਾਹਿਰਾਂ ਨੇ ਸਾਉਣੀ ਮੱਕੀ ਤੇ ਫ਼ਾਲ ਆਰਮੀਵਰਮ ਦੀ ਰੋਕਥਾਮ ਦੀ ਕੀਤੀ ਸਿਫਾਰਿਸ਼

ਲੁਧਿਆਣਾ 27 ਜੂਨ, 2023 : ਫ਼ਾਲ ਆਰਮੀਵਰਮ ਮਈ 2018 ਵਿੱਚ ਭਾਰਤ ਪਹੁੰਚਣ ਤੋਂ ਬਾਅਦ ਲ਼ਗਾਤਾਰ ਮੱਕੀ ਦੀ ਫ਼ਸਲ ਤੇ ਨੁਕਸਾਨ ਕਰ ਰਿਹਾ ਹੈ।ਪੰਜਾਬ ਵਿਚ ਇਹ ਕੀੜਾ ਮੱਕੀ ੳੁੱਪਰ ਮਾਰਚ ਤੋਂ ਨਵੰਬਰ ਤੱਕ ਮਿਲਦਾ ਹੈ, ਪਰ ਜੁਲਾਈ ਤੋਂ ਸਤੰਬਰ ਦੌਰਾਨ ਇਸਦਾ ਹਮਲਾ ਵਧੇਰੇ ਹੁੰਦਾ ਹੈ।ਦਸੰਬਰ ਅਤੇ ਜਨਵਰੀ ਦੀ ਠੰਡ ਵਿੱਚ ਇਹ ਕੀੜਾ ਲਗਭਗ ਖਤਮ ਹੋ ਜਾਂਦਾ ਹੈ।ਪਿਛਲੇ ਸਾਲ ਦੌਰਾਨ ਇਹ ਦੇਖਣ ਵਿੱਚ ਆਇਆ ਹੈ ਕਿ ਗੈਰ- ਸਿਫਾਰਸ਼ ਕੀਟਨਾਸ਼ਕਾਂ ਦੀ ਵਰਤੋਂ ਅਤੇ ਛਿੜਕਾਅ ਦੇ ਗਲਤ ਢੰਗ ਕਾਰਣ ਕਈ ਥਾਵਾਂ ਤੇ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ।ਇਸ ਕੀੜੇ ਦੀ ਸਫ਼ਲ ਰੋਕਥਾਮ ਲਈ ਮੱਕੀ ਉਗਾਉਣ ਵਾਲੇ ਜਿਲਿਆਂ ਵਿੱਚ ਵਿਆਪਕ ਪੱਧਰ ਤੇ ਮੁਹਿਮ ਚਲਾਈ ਜਾ ਰਹੀ ਹੈ।ਇਸ ਕੀੜੇ ਦੀ ਜ਼ਿਆਦਾ ਵੱਧਣ- ਫੁੱਲਣ ਦੀ ਸਮਰੱਥਾ ਕਾਰਣ ਇਹ ਦੇਖਿਆ ਗਿਆ ਹੈ ਕਿ ਜੇ ਪਿੰਡ ਵਿੱਚੋਂ ਕਿਸੇ ਇੱਕ ਖੇਤ ਵਿੱਚ ਵੀ ਰੋਕਥਾਮ ਨਹੀਂ ਹੁੰਦੀ ਤਾਂ ਇਹ ਕੀੜਾ ਬਾਕੀ ਦੇ ਖੇਤਾਂ ਵਿੱਚ ਵੀ ਬਹੁਤ ਜਲਦ ਦੁਬਾਰਾ ਹਮਲਾ ਕਰ ਦਿੰਦਾ ਹੈ।ਇਸ ਕਾਰਣ ਰੋਕਥਾਮ ਲਈ ਬਾਰਬਾਰ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਪੈ ਜਾਂਦਾ ਹੈ। ਸਰਵਪੱਖੀ ਰੋਕਥਾਮ ਦੇ ਤਰੀਕੇ ਜਿਵੇਂ ਕਿ ਆਂਡਿਆਂ ਦੇ ਝੁੰਡਾਂ ਨੂੰ ਨਸ਼ਟ ਕਰਨਾ ਅਤੇ ਮਿੱਟੀ ਤੇ ਕੀਟਨਾਸ਼ਕ ਦੇ ਮਿਸ਼ਰਣ ਨੂੰ ਹਮਲੇ ਵਾਲਿਆਂ ਗੋਭਾਂ ਵਿੱਚ ਪਾਉਣ ਨਾਲ ਕੀਟਨਾਸ਼ਕਾਂ ਦਾ ਖਰਚਾ ਘਟ ਸਕਦਾ ਹੈ।

 

ਇਸ ਕੀੜੇ ਦੀ ਪਛਾਣ ਬਾਰੇ ਗੱਲ ਕਰਦਿਆਂ ਮਾਹਿਰਾਂ ਨੇ ਦੱਸਿਆ ਕਿ ਫ਼ਾਲ ਆਰਮੀਵਰਮ ਦੀਆਂ ਸੁੰਡੀਆਂ ਹਰੇ ਤੋਂ ਹਲਕੇ ਭੂੁਰੇ ਜਾਂ ਸੁਰਮਈ ਰੰਗ ਦੀਆਂ ਹੁੰਦੀਆਂ ਹਨ ਇਸ ਦਾ ਪਿਉਪਾ ਲਾਲ ਭੂਰੇ ਰੰਗ ਦਾ ਹੁੰਦਾ ਹੈ ਅਤੇ ਆਮ ਤੌਰ ਤੇ ਜ਼ਮੀਨ ਅੰਦਰ ਹੁੰਦਾ ਹੈ।

 

ਇਸ ਕੀੜੇ ਦੇ ਜੀਵਨ ਚੱੱਕਰ ਦੀ ਜਾਣਕਾਰੀ ਇਸ ਦੇ ਵਾਧੇ ਅਤੇ ਫ਼ੈਲਾਅ ਨੂੰ ਸਮਝਣ ਵਿੱਚ ਸਹਾਈ ਹੁੰਦੀ ਹੈ। ਇਸ ਕੀੜੇ ਦੀ ਮਾਦਾ ਪਤੰਗਾ 1500 ਆਂਡੇਂ ਦੇ ਸਕਦੀ ਹੈ ਅਤੇ 500 ਕਿਲੋਮੀਟਰ ਤੱਕ ਉੱੱਡ ਸਕਦੀ ਹੈ।ਫ਼ਾਲ ਆਰਮੀਵਰਮ ਇੱਕ ਪੀੜ੍ਹੀ ਵਿੱਚ ਹੀ ਵੱਡੇ ਖੇਤਰ ਵਿੱੱਚ ਫ਼ੈਲ ਸਕਦਾ ਹੈ।ਆਂਡੇ ਝੁੰਡਾਂ ਦੇ ਰੂਪ ਵਿੱੱਚ (100-150 ਆਂਡੇ  ਪ੍ਰਤੀ  ਝੁੰਡ) ਪੱੱਤੇ ਦੀ ਉੱਪਰਲੀ (ਆਮ ਤੌਰ ਤੇ) ਜਾਂ ਹੇਠਲੀ ਸਤਿਹ ਤੇ ਦਿੱਤੇ ਹੁੰਦੇ ਹਨ। ਆਂਡਿਆਂ ਵਿੱੱਚੋਂ ਸੁੰਡੀਆਂ 4 ਤੋਂ 6 ਦਿਨਾਂ ਵਿੱੱਚ ਨਿਕਲ ਆਉਂਦੀਆਂ ਹਨ। ਅਨੁਕੂਲ ਹਲਾਤਾਂ ਵਿੱੱਚ ਸੁੰਡੀ 14 ਤੋਂ 20 ਦਿਨਾਂ ਤੱਕ ਪਲਦੀ  ਹੈ। ਇਸ ਤੋਂ ਬਾਅਦ ਕੋਆ (ਪਿਉਪਾ) ਬਣਦਾ ਹੈ ਜੋ 8 ਤੋਂ 10 ਦਿਨਾਂ ਵਿੱੱਚ ਬਾਲਗ ਕੀੜਾ (ਪਤੰਗਾ) ਬਣ ਜਾਂਦਾ ਹੈ। ਬਾਲਗ ਕੀੜਾ 4 ਤੋਂ 6 ਦਿਨ ਜਿਉਂਦਾ ਰਹਿੰਦਾ ਹੈ ।

 

ਪੰਜਾਬ ਵਿੱਚ ਇਹ ਕੀੜਾ ਕਈ  ਉਪਰਥੱਲੀ ਪੀੜ੍ਹੀਆਂ ਪੂਰੀਆਂ ਕਰਦਾ ਹੈ। ਇਹ ਕੀੜਾ 10 ਦਿਨਾਂ ਦੀ ਫ਼ਸਲ ਤੋਂ ਲੈ ਕੇ ਛੱਲ਼ੀ ਬਣਨ ਤੱੱਕ ਫ਼ਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਗੋਭ ਵਿੱਚ ਖਾਣਾ ਇਸ ਕੀੜੇ ਨੂੰ ਵਧੇਰੇ ਪਸੰਦ ਹੈ। ਆਮ ਤੌਰ ਤੇ ਇਸ ਕੀੜੇ ਦਾ ਹਮਲਾ ਖੇਤਾਂ ਵਿੱੱਚ ਧੌੜੀਆਂ ਵਿੱੱਚ ਸ਼ੁਰੂੁ ਹੋ ਕੇ ਬਹੁਤ ਜਲਦੀ ਸਾਰੇ ਖੇਤ ਵਿੱਚ ਫ਼ੈਲ ਜਾਂਦਾ ਹੈ। ਹਮਲੇ ਦੇ ਸ਼ੁਰੂਆਤ ਵਿੱੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਿਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਣ ਪੱੱਤਿਆਂ ੳੱਤੇ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣ ਜਾਂਦੇ ਹਨ । ਜਦੋਂ ਸੁੰਡੀਆਂ ਵੱੱਡੀਆਂ ਹੁੰਦੀਆਂ ਹਨ ਤਾਂ ਪੱੱਤਿਆਂ ਉੱਪਰ ਬੇਤਰਤੀਬੇ, ਗੋਲ ਜਾਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਇਨ੍ਹਾਂ ਮੋਰੀਆਂ ਦਾ ਆਕਾਰ ਸੁੰਡੀਆਂ ਦੇ ਵਿਕਾਸ ਨਾਲ ਵੱੱਧਦਾ ਜਾਂਦਾ ਹੈ। ਵੱਡੀਆਂ ਸੁੰਡੀਆਂ ਗੋਭ ਦੇ ਪੱਤਿਆਂ ਨੂੰ ਬੁਰੀ ਤਰ੍ਹਾਂ ਖਾ ਕੇ, ਇਨ੍ਹਾਂ ਗੋਭਾਂ ਵਿੱਚ ਭਾਰੀ ਮਾਤਰਾ ਵਿੱਚ ਵਿੱਠਾਂ ਦਿੰਦੀਆਂ ਹਨ। 

 

ਮਾਹਿਰਾਂ ਨੇ ਕਿਹਾ ਕਿ ਕਿਸਾਨ ਵੀਰਾਂ ਨੂੰ ਸ਼ੁਰੂ ਤੋਂ ਹੀ ਖੇਤਾਂ ਦਾ ਸਰਵੇਖਣ ਚੰਗੀ ਤਰ੍ਹਾਂ ਹਫ਼ਤੇ ਦੇ ਵਕਫ਼ੇ ਤੇ ਕਰਦੇ ਰਹਿਣਾ ਚਾਹੀਦਾ ਹੈ।ਸਰਵੇਖਣ ਲਈ ਖੇਤ ਦੀਆਂ ਸਾਈਡਾਂ ਤੋਂ 4-5 ਕਤਾਰਾਂ ਛੱੱਡ ਕੇ ਖੇਤ ਅੰਦਰ ਚੱੱਕਰ ਲਗਾਉਣਾ ਚਾਹੀਦਾ ਹੈ। ਸੁੰਡੀਆਂ ਦਾ ਹਮਲਾ ਦਿੱੱਸਦੇ ਹੀ ਇਸ ਦੇ ਜੀਵਨ ਚੱੱਕਰ ਨੂੰ ਅੱੱਗੇ ਵੱੱਧਣ ਤੋਂ ਰੋਕਣ ਲਈ ਤੁਰੰਤ ਆਪਣੇ ਖੇਤਾਂ ਵਿੱੱਚ ਢੁਕਵੇਂ ਰੋਕਥਾਮ ਉਪਰਾਲੇ ਕਰਨੇ ਚਾਹੀਦੇ ਹਨ। ਇਸ ਕੀੜੇ ਦੀ ਰੋਕਥਾਮ ਦੇ ਉਪਰਾਲੇ ਸੁੰਡੀਆਂ ਖੇਤ ਵਿੱਚ ਨਜ਼ਰ ਆਉਦੇਂ ਸਾਰ ਹੀ ਸ਼ੁਰੂ ਕਰ ਦੇਣੇ ਚਾਹੀਦੇ ਹਨ ਕਿਉਂ ਕਿ ਛੋਟੀਆਂ ਸੁੰਡੀਆਂ ਦੀ ਰੋਕਥਾਮ ਸੌਖੀ ਹੋ ਜਾਂਦੀ ਹੈ। 

 

ਰੋਕਥਾਮ ਲਈ ਕੀੜੇ ਲਈ ਮੱਕੀ ਦੇ ਲਗਾਤਾਰ ਮੁਹੱਈਆ ਹੋਣ ਦਾ ਸਮਾਂ ਘਟਾਉਣ ਲਈ ਸਾਉਣੀ ਰੁੱਤ ਦੀ ਫ਼ਸਲ ਦੀ ਬਿਜਾਈ ਸਿਰਫ਼ ਸ਼ਿਫ਼ਾਰਸ਼ ਸਮੇਂ (25 ਮਈ ਤੋਂ 30 ਜੂਨ ਤੱੱਕ) ਦੌਰਾਨ ਹੀ ਕਰਨੀ ਚਾਹੀਦੀ ਹੈ।ਨਾਲ ਲਗਦੇ ਖੇਤਾਂ ਵਿੱੱਚ ਮੱੱਕੀ ਦੀ ਬਿਜਾਈ ਥੋੜ੍ਹੇ-ਥੋੜ੍ਹੇ ਵਕਫ਼ੇ ਤੇ ਨਾ ਕਰੀਏ ਜਿਵੇਂ ਕਿ ਸਾਉਣੀ ਰੁੱਤ ਦੀ ਮੱੱਕੀ ਬੀਜਣ ਵਾਲੇ ਕਿਸਾਨ ਨਾਲ ਲਗਦੇ ਖੇਤਾਂ ਵਿੱੱਚ ਚਾਰੇ ਜਾਂ ਸਾਈਲੇਜ ਲਈ ਮੱੱਕੀ ਨਾ ਬੀਜਣ। ਇਸ ਤਰ੍ਹਾਂ ਕਰਨ ਨਾਲ ਵੀ ਕੀੜੇ ਦੇ ਵਧਣ-ਫੁੱਲਣ ਅਤੇ ਫ਼ੈਲਣ ਨੂੰ ਰੋਕਿਆ ਜਾ ਸਕਦਾ ਹੈ।ਆਂਡਿਆਂ ਦੇ ਝੁੰਡਾਂ ਨੂੰ ਨਸ਼ਟ ਕਰ ਦਿੳ।ਆਂਡਿਆਂ ਦੇ ਝੁੰਡ ਲੂਈ ਨਾਲ ਢਕੇ ਹੁੰਦੇ ਹਨ ਅਤੇ ਆਸਾਨੀ ਨਾਲ ਦਿਖ ਜਾਂਦੇ ਹਨ।

 

ਕੀਟਨਾਸ਼ਕਾਂ ਨਾਲ ਰੋਕਥਾਮ ਲਈ 0.5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ 0.4 ਮਿਲੀਲਿਟਰ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ  0.4 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ‘ਚ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਪ੍ਰਤੀ ਏਕੜ ਵਰਤੋ। ਇਸ ਤੋਂ ਬਾਅਦ, ਫ਼ਸਲ ਦੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾ ਉਪਰ ਧਿਆਨ ਰੱਖੋ ਕਿ ਪਾਣੀ ਦੇ ਨਾਲ-ਨਾਲ ਉੱਪਰ ਦੱਸੇ ਕੀਟਨਾਸ਼ਕਾਂ ਦੀ ਮਾਤਰਾ ਵੀ ਉਸੇ ਅਨੁਪਾਤ ਵਿੱਚ ਵਧਾਉ।

 

ਜੇ ਹਮਲਾ ਕੁੱਝ ਬੂਟਿਆਂ ਤੇ ਹੋਵੇ ਜਾਂ ਫ਼ਸਲ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿੱਚ ਮੁਸ਼ਕਿਲ ਹੋਵੇ ਤਾਂ ਮਿੱਟੀ ਅਤੇ ਕੀਟਨਾਸ਼ਕ ਦੇ ਮਿਸ਼ਰਣ ਨੂੰ ਹਮਲੇ ਵਾਲੀਆਂ ਗੋਭਾਂ ਵਿੱਚ ਪਾਓ (ਲਗਭਗ ਅੱਧਾ ਗ੍ਰਾਮ ਪ੍ਰਤੀ ਗੋਭ)।
ਮਿਸ਼ਰਣ ਬਣਾਉਣ ਲਈ 5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ ਕੋਰਾਜਨ 18.5 ਐੱਸ ਸੀ  (ਕਲੋਰਐਂਟਰਾਨਿਲੀਪਰੋਲ) ਜਾਂ 5 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨ ਬੈਂਜ਼ੋਏਟ) ਨੂੰ 10 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਇੱਕ ਕਿਲੋ ਮਿੱਟੀ ਵਿੱਚ ਚੰਗੀ ਤਰ੍ਹਾਂ ਰਲਾਓ। ਮਿਸ਼ਰਣ ਬਣਾਉਣ ਅਤੇ ਪਾਉਣ ਸਮੇਂ ਦਸਤਾਨੇ ਜ਼ਰੂਰ ਪਾਓ।

Story You May Like