ਲੁਧਿਆਣਾ 28 ਜੂਨ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸ਼ੂਗਰਫੈੱਡ ਦੀ ਉੱਚ ਪੱਧਰੀ ਟੀਮ ਨੇ ਪੰਜਾਬ ਵਿਚ ਗੰਨਾ ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਦੌਰਾ ਕੀਤਾ| ਅਰਵਿੰਦ ਪਾਲ ਸਿੰਘ ਸੰਧੂ (ਆਈ ਏ ਐੱਸ), ਪ੍ਰਬੰਧਕੀ ਨਿਰਦੇਸ਼ਕ, ਸ਼ੂਗਰਫੈੱਡ, ਪੰਜਾਬ ਦੀ ਅਗਵਾਈ ਵਾਲੀ ਇਸ ਟੀਮ ਵਿਚ ਕੰਵਲਜੀਤ ਸਿੰਘ, ਜੀ ਐੱਮ ਅਤੇ ਗੰਨਾ ਸਲਾਹਕਾਰ, ਸ਼ੂਗਰਫੈੱਡ ਅਤੇ ਅਰਵਿੰਦਰ ਪਾਲ ਸਿੰਘ ਕੈਰੋਂ, ਜੀ ਐੱਮ, ਬਟਾਲਾ ਕੋਆਪ੍ਰੇਟਿਵ ਸ਼ੂਗਰ ਮਿਲਜ਼, ਲਿਮਟਿਡ ਸ਼ਾਮਲ ਸਨ| ਇਸ ਟੀਮ ਨੇ ਯੂਨੀਵਰਸਿਟੀ ਵਲੋਂ ਗੰਨਾ ਖੋਜ ਅਤੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪੀ.ਏ.ਯੂ., ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ ਅਤੇ ਯੂਨੀਵਰਸਿਟੀ ਗੰਨਾ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ|
ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸ਼ੂਗਰਫੈੱਡ ਮੌਜੂਦਾ ਸਮੇਂ ਕਾਰਜਸ਼ੀਲ ਨੌਂ ਸਹਿਕਾਰੀ ਖੰਡ ਮਿੱਲਾਂ ਦੀ ਸਰਵਉੱਚ ਸੰਸਥਾ ਹੈ, ਜੋ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਜਿਵੇਂ ਕਿ ਰੋਗ ਰਹਿਤ ਬੀਜ ਮੁਹਈਆ ਕਰਵਾਉਣਾ, ਕੀੜਿਆਂ-ਮਕੌੜਿਆਂ ਦੀ ਰੋਕਥਾਮ, ਗੰਨੇ ਦੀ ਸਮੇਂ ਸਿਰ ਖਰੀਦ ਅਤੇ ਉਸਦੇ ਭੁਗਤਾਨ ਵਿਚ ਮਦਦ ਕਰਨਾ ਆਦਿ ਪ੍ਰਦਾਨ ਕਰਦੀ ਹੈ| ਉਨ੍ਹਾਂ ਦੱਸਿਆ ਕਿ ਲਗਭਗ 1.80 ਲੱਖ ਕਿਸਾਨ ਪਰਿਵਾਰ ਰਾਜ ਦੀਆਂ ਖੰਡ ਮਿੱਲਾਂ ਨਾਲ ਜੁੜੇ ਹੋਏ ਹਨ ਅਤੇ ਸਾਡਾ ਮੰਤਵ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ, ਪ੍ਰਤੀ ਏਕੜ ਝਾੜ ਵਿਚ ਵਾਧਾ ਕਰਨਾ ਅਤੇ ਗੰਨਾ ਖੋਜ ਅਤੇ ਵਿਕਾਸ ਨੂੰ ਹੋਰ ਹੁਲਾਰਾ ਦੇਣਾ ਹੈ| ਉਨ੍ਹਾਂ ਨੇ ਉਦਯੋਗਾਂ ਅਤੇ ਕਿਸਾਨਾਂ ਦੀ ਭਲਾਈ ਲਈ ਵੱਧ ਸੁਕਰੋਜ਼ ਮਾਤਰਾ ਅਤੇ ਵੱਧ ਝਾੜ ਦੇਣ ਵਾਲੀਆਂ ਗੰਨੇ ਦੀਆਂ ਕਿਸਮਾਂ ਵਿਕਸਿਤ ਕਰਨ ਲਈ ਆਪਣੇ ਸੁਝਾਅ ਪੇਸ਼ ਕੀਤੇ| ਅਰਵਿੰਦ ਪਾਲ ਸਿੰਘ ਸੰਧੂ ਨੇ ਗੰਨੇ ਦੀ ਰਹਿੰਦ-ਖੂੰਹਦ ਤੋਂ ਤਿਆਰ ਹੋਣ ਵਾਲੀ ਈਥਾਨੋਲ ਬਾਰੇ ਵੀ ਦੱਸਿਆ, ਜਿਸ ਨਾਲ ਜੈਵਿਕ ਇੰਧਨ ਤੇ ਨਿਰਭਰਤਾ ਘਟਦੀ ਹੈ|
ਇਸ ਮੌਕੇ ਗੰਨਾ ਖੋਜ ਅਤੇ ਡੱਬਾਬੰਦੀ ਨੂੰ ਹੁਲਾਰਾ ਦੇਣ ਲਈ ਆਪਣੇ ਵੱਡਮੁੱਲੇ ਵਿਚਾਰ ਸਾਂਝਿਆਂ ਕਰਦਿਆਂ ਡਾ. ਗੋਸਲ ਨੇ ਟਿਸ਼ੂ ਕਲਚਰ ਜਾਂ ਮਾਈਕ੍ਰੋਪ੍ਰੋਪੇਗੇਸ਼ਨ ਤੇ ਜ਼ੋਰ ਦਿੱਤਾ ਤਾਂ ਜੋ ਰੋਗ ਰਹਿਤ ਬੀਜਾਂ ਦਾ ਤੇਜ਼ੀ ਨਾਲ ਉਤਪਾਦਨ ਹੋ ਸਕੇ ਅਤੇ ਉੱਤਮ ਕਿਸਮਾਂ ਦੀ ਜੈਨੇਟਿਕ ਪ੍ਰਤਿਸ਼ਠਾ ਬਣੀ ਰਹੇ| ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ ਬਰੀਡਿੰਗ ਅਤੇ ਪ੍ਰੋਪੇਗੇਸ਼ਨ ਵਿਚ ਵਾਧਾ ਹੋਵੇਗਾ| ਉਨ੍ਹਾਂ ਨੇ ਗੰਨੇ ਦੇ ਰਸ ਦੀ ਉਪਭੋਗਤਾ ਵਿਚ ਪਾਸੰਦਗੀ ਲਈ ਵੱਖੋ-ਵੱਖਰੇ ਸੁਆਦ ਅਤੇ ਖੰਡ ਦੀ ਮਾਤਰਾ ਵਿੱਚ ਵਿਭਿੰਨਤਾ ਤੇ ਖੋਜ ਕਰਨ ਤੇ ਵੀ ਸੁਝਾਅ ਦਿੱਤੇ| ਇਸਦੇ ਨਾਲ ਹੀ ਉਨ੍ਹਾਂ ਨੇ ਗੰਨੇ ਦੀ ਵਪਾਰਕ ਕਾਸ਼ਤ ਕਰਨ ਲਈ ਸਥਾਨ-ਵਿਸ਼ੇਸ਼ੱਗ ਕਿਸਮਾਂ ਵਿਕਸਿਤ ਕਰਨ ਅਤੇ ਵਰਤੋਂ ਯੋਗ ਮਿਆਦ ਵਿਚ ਵਾਧਾ ਕਰਨ ਲਈ ਬੋਤਲਾਂ ਦੇ ਨਾਲ ਨਾਲ ਟੈਟ੍ਰਾ ਡੱਬਾਬੰਦੀ ਦੇ ਵੀ ਸੁਝਾਅ ਦਿੱਤੇ| ਉਨ੍ਹਾਂ ਨੇ ਗੰਨੇ ਦੀ ਜੈਵਿਕ ਖੇਤੀ ਅਤੇ ਇਸਦੀ ਰਹਿੰਦ-ਖੂੰਹਦ ਤੋਂ ਜੈਵਿਕ ਖਾਦ ਦੇ ਉਤਪਾਦਨ ਤੇ ਵੀ ਖੋਜ ਕਰਨ ਦੇ ਮਸ਼ਵਰੇ ਦਿੱਤੇ|
ਇਸ ਮੌਕੇ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਗੰਨੇ ਦੀ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਬੀਜਣ ਲਈ ਕਿਹਾ | ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਸਖਤ ਖੋਜ ਅਤੇ ਕਰੜੇ ਤਜ਼ਰਬਿਆਂ ਤੇ ਅਧਾਰਿਤ ਹੁੰਦੀਆਂ ਹਨ | ਡਾ. ਢੱਟ ਨੇ ਗੈਰ ਸਿਫ਼ਾਰਸ਼ ਕਿਸਮਾਂ, ਜੋ ਕਿ ਨੁਕਸਾਨਦੇਹ ਪੈਥੋਜਿਨਸ ਪ੍ਰਤੀ ਅਸੁਰੱਖਿਅਤ ਹੁੰਦੀਆਂ ਹਨ, ਦੀ ਕਾਸ਼ਤ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ | ਉਨ੍ਹਾਂ ਨੇ ਗੰਨੇ ਦੀ ਖੋਜ ਅਤੇ ਵਿਕਾਸ ਪ੍ਰੋਗਰਾਮਾਂ ਵਿੱਚ ਸਹਿਕਾਰੀ ਖੰਡ ਮਿੱਲਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਉਤਸ਼ਾਹਿਤ ਕੀਤਾ |
ਗੰਨੇ ਦੀ ਕਾਸ਼ਤ ਨੂੰ ਦਰਪੇਸ਼ ਅਨੇਕਾਂ ਚੁਣੌਤੀਆਂ ਨੂੰ ਨਜਿੱਠਣ ਬਾਰੇ ਜਾਣਕਾਰੀ ਦਿੰਦਿਆਂ ਡਾ. ਗੁਲਜ਼ਾਰ ਸਿੰਘ ਸੰਘੇੜਾ, ਨਿਰਦੇਸ਼ਕ, ਖੇਤਰੀ ਖੋਜ ਸਟੇਸ਼ਨ, ਕਪੂਰਥਲਾ ਨੇ ਗੰਨਾ ਕਾਸ਼ਤਕਾਰਾਂ ਅਤੇ ਖੰਡ ਮਿੱਲ ਕਰਮੀਆਂ ਨੂੰ ਕਿਸਮਾਂ ਦੀ ਚੋਣ ਕਰਨ, ਬਿਜਾਈ ਦੇ ਸੀਜ਼ਨਜ਼ ਅਤੇ ਪੌਦੇ/ਰੈਟੂਨ ਦੀਆਂ ਕਿਸਮਾਂ ਬਾਰੇ ਸਮੁੱਚੀ ਅਗਵਾਈ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੀਆਂ ਸੇਵਾਵਾਂ ਬਾਰੇ ਦੱਸਿਆ | ਉਹਨਾਂ ਨੇ ਨਵੀਆਂ ਤਕਨੀਕਾਂ ਜਿਵੇਂ ਕਿ ਐੱਫ ਆਈ ਆਰ ਬੀ, ਕਰਾਪ ਜੀਓਮੈਟਰੀ, ਅੰਤਰ ਫਸਲੀਕਰਨ ਅਤੇ ਕੀਟ ਪ੍ਰਬੰਧਣ ਲਈ ਬਾਇਓ-ਏਜੰਟ ਉਤਪਾਦਨ ਅਤੇ ਉਨ੍ਹਾਂ ਦੀ ਵਰਤੋਂ ਆਦਿ ਬਾਰੇ ਵੀ ਵਿਚਾਰ-ਵਟਾਂਦਰੇ ਕੀਤੇ | ਡਾ. ਸੰਘੇੜਾ ਨੇ ਗੰਨੇ ਦੇ ਵਿਕਾਸ, ਰੈਟੂਨ ਪ੍ਰਬੰਧਣ, ਗੰਨੇ ਦੀ ਬਿਜਾਈ ਦੀ ਪਿੜਾਈ ਦੀ ਸਮਾਂ ਸਾਰਨੀ, ਮਸ਼ੀਨੀਕਰਨ ਅਤੇ ਸਿਖਲਾਈ ਆਦਿ ਬਾਰੇ ਵੀ ਦੱਸਿਆ | ਦੌਰੇ ਤੇ ਆਈ ਟੀਮ ਨੇ ਤੁਪਕਾ ਸਿੰਚਾਈ ਦੀਆਂ ਵਿਸ਼ੇਸ਼ਤਾਵਾਂ, ਲਾਗਤਾਂ ਅਤੇ ਸਬਸਿਡੀਆਂ, ਮਾਈਕ੍ਰੋਪ੍ਰੋਪੇਗੇਸ਼ਨ ਅਤੇ ਗੰਨੇ ਦੇ ਉਤਪਾਦਾਂ ਦੀ ਡੱਬਾਬੰਦੀ ਦੇ ਵੇਰਵਿਆਂ ਬਾਰੇ ਸਮੁੱਚੀ ਜਾਣਕਾਰੀ ਹਾਸਲ ਕੀਤੀ |