The Summer News
×
Monday, 20 May 2024

ਵੈਟਨਰੀ ਯੂਨੀਵਰਸਿਟੀ ਵਿਖੇ ਘਣੀ ਮੱਛੀ ਪਾਲਣ ਵਿਧੀ ਸੰਬੰਧੀ ਕਰਵਾਈ ਗਈ ਕਾਰਜਸ਼ਾਲਾ

ਲੁਧਿਆਣਾ 24 ਮਈ 2023 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਵੱਲੋਂ ਮੱਛੀ ਪਾਲਣ ਸੰਬੰਧੀ ਘਣੀ ਤਕਨੀਕ ਵਿਧੀਆਂ ਬਾਰੇ ਇਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਕਾਰਜਸ਼ਾਲਾ ਵਿਚ ਪਾਣੀ ਦੀ ਘੁੰਮਣਸ਼ੀਲ ਵਿਧੀ ਅਤੇ ਬਾਇਓਫਲਾਕ ਵਿਧੀ ਬਾਰੇ ਮੱਛੀ ਪਾਲਣ ਵਿਭਾਗ ਦੇ ਵਿਭਿੰਨ ਅਧਿਕਾਰੀਆਂ ਅਤੇ 29 ਕਿਸਾਨ ਉਦਮੀਆਂ ਨੂੰ ਸਿੱਖਿਅਤ ਕੀਤਾ ਗਿਆ।


ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਦੱਸਿਆ ਕਿ ਇਹ ਵਿਧੀਆਂ ਬਹੁਤ ਪ੍ਰਚਲਨ ਵਿਚ ਹਨ। ਯੂਨੀਵਰਸਿਟੀ ਵਿਖੇ ਭਾਰਤ ਸਰਕਾਰ ਦੀ ਮਦਦ ਨਾਲ ਇਨ੍ਹਾਂ ਵਿਧੀਆਂ ਬਾਰੇ ਇਕ ਸਮਰੱਥਾ ਉਸਾਰੀ ਕੇਂਦਰ ਦੀ ਸਥਾਪਨਾ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਰੀਕਿਆਂ ਨਾਲ ਅਸੀਂ ਇਕ ਇਮਾਰਤੀ ਢਾਂਚੇ ਵਿਚ ਮੱਛੀ ਪਾਲਣ ਕਰਦੇ ਹਾਂ ਜਿਥੇ ਭੂਮੀ ਅਤੇ ਪਾਣੀ ਦੀ ਵਰਤੋਂ ਬਹੁਤ ਘੱਟ ਜਾਂਦੀ ਹੈ ਤੇ ਵਾਤਾਵਰਣ ਸਥਿਤੀਆਂ ਮੁਤਾਬਕ ਉਤਪਾਦਨ 20 ਗੁਣਾਂ ਤਕ ਵੀ ਵੱਧ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਭੋਜਨ ਲੋੜਾਂ ਤੇ ਭਵਿੱਖੀ ਜ਼ਰੂਰਤਾਂ ਨੂੰ ਖਿਆਲ ਵਿਚ ਰੱਖਦੇ ਹੋਏ ਇਹ ਬਹੁਤ ਵਾਧੇ ਵਾਲੀਆਂ ਵਿਧੀਆਂ ਅਤੇ ਤਕਨੀਕਾਂ ਹਨ।


ਡਾ. ਵਨੀਤ ਇੰਦਰ ਕੌਰ, ਕਾਰਜਸ਼ਾਲਾ ਸੰਯੋਜਕ ਨੇ ਦੱਸਿਆ ਕਿ ਇਸ ਕਾਰਜਸ਼ਾਲਾ ਲਈ ਡਾ. ਐਸ ਐਨ ਦੱਤਾ ਅਤੇ ਡਾ. ਅਮਿਤ ਮੰਡਲ ਨੇ ਤਕਨੀਕੀ ਸੈਸ਼ਨਾਂ ਅਤੇ ਪ੍ਰਯੋੋਗਿਕ ਪ੍ਰਦਰਸ਼ਨੀ ਲਈ ਬਹੁਤ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਭਵਿੱਖ ਵਿਚ ਵੀ ਅਜਿਹੀਆਂ ਕਾਰਜਸ਼ਾਲਾਵਾਂ ਅਤੇ ਸਿਖਲਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਚਾਹਵਾਨ ਕਿਸਾਨਾਂ ਅਤੇ ਅਧਿਕਾਰੀਆਂ ਨੂੰ ਸਿੱਖਿਅਤ ਕੀਤਾ ਜਾ ਸਕੇ।


ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਇਹ ਵਿਧੀਆਂ ਭਵਿੱਖ ਮੁਖੀ ਵਿਧੀਆਂ ਹਨ ਜਿਨ੍ਹਾਂ ਰਾਹੀਂ ਜਿਥੇ ਅਸੀਂ ਭੋਜਨ ਸੁਰੱਖਿਆ ਲਈ ਅਹਿਮ ਯੋਗਦਾਨ ਪਾ ਸਕਦੇ ਹਾਂ ਉਥੇ ਇਨ੍ਹਾਂ ਉਨਤ ਵਿਧੀਆਂ ਨਾਲ ਆਰਥਿਕ ਮੁਨਾਫ਼ਾ ਵੀ ਵਧਾ ਸਕਦੇ ਹਾਂ।

Story You May Like