The Summer News
×
Monday, 20 May 2024

ਜੋਗਿੰਦਰ ਨੂਰਮੀਤ ਦਾ ਗ਼ਜ਼ਲ ਸੰਗ੍ਰਹਿ “ਨਜ਼ਰ ਤੋਂ ਸੁਪਨਿਆਂ ਤੀਕ “ ਪ੍ਰੋਃ ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ

ਲੁਧਿਆਣਾ, 2 ਅਗਸਤ| ਭਾਸ਼ਾ ਵਿਭਾਗ ਜ਼ਿਲ੍ਹਾ ਲੁਧਿਆਣਾ ਵੱਲੋਂ ਖ਼ਾਲਸਾ ਕਾਲਜ ਫ਼ਾਰ ਵੋਮੈਨ ਵਿਖੇ ਕਰਵਾਏ ਸਾਹਿੱਤਕ ਸਮਾਗਮ ਦੌਰਾਨ ਪੰਜਾਬੀ ਕਵਿੱਤਰੀ  ਜੋਗਿੰਦਰ ਨੂਰਮੀਤ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਨਜ਼ਰ ਤੋਂ ਸੁਪਨਿਆਂ ਤੱਕ’ ਲੋਕ ਅਰਪਣ ਕੀਤਾ ਗਿਆ।
ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਤੇ ਸ਼੍ਰੋਮਣੀ ਪੰਜਾਬੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕੀਤੀ। ਪ੍ਸਿੱਧ ਕਵੀ, ਪੇਂਟਰ ਤੇ ਫੋਟੋ ਕਲਾਕਾਰ ਸਵਰਨਜੀਤ ਸਵੀ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।


ਇਸ ਮੌਕੇ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਹਾਜ਼ਰ ਲੇਖਕਾਂ ਨੇ ਪੰਜਾਬੀ ਕਵਿੱਤਰੀ ਜੋਗਿੰਦਰ ਨੂਰਮੀਤ ਦਾ ਪਲੇਠਾ ਗ਼ਜ਼ਲ ਸੰਗ੍ਰਹਿ “ਨਜ਼ਰ ਤੋਂ ਸੁਪਨਿਆਂ ਤੀਕ ਨੂੰ ਲੋਕ ਅਰਪਣ ਕੀਤਾ। ਪ੍ਰੋਃ ਗਿੱਲ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀ ਗ਼ਜ਼ਲ ਸਿਰਜਣਾ ਵਿੱਚ ਔਰਤਾਂ ਦੀ ਸ਼ਮੂਲੀਅਤ ਪਿਛਲੇ ਪੰਜਾਹ ਸਾਲ ਤੋਂ ਲਗਾਤਾਰ ਵਧ ਰਹੀ ਹੈ। ਇਹ ਸ਼ੁਭ ਸ਼ਗਨ ਹੈ।  ਜੰਮੂ ਵਾਸੀ ਸਪਨ ਮਾਲਾ, ਸੁਰਜੀਤ ਸਖੀ, ਕਮਲ ਇਕਾਰਸ਼ੀ, ਸੁਖਵਿੰਦਰ ਅੰਮ੍ਰਿਤ, ਅਨੂ ਬਾਲਾ, ਅਮਰਜੀਤ ਕੌਰ ਅਮਰ ਤੋਂ ਇਲਾਵਾ ਲਗਪਗ ਪੰਜਾਹ ਔਰਤਾਂ ਇਸ ਵੇਲੇ ਪੰਜਾਬੀ ਗ਼ਜ਼ਲ ਲਿਖ ਰਹੀਆਂ ਹਨ। ਇਸ ਵਿੱਚ ਉਸਤਾਦ ਸ਼ਾਇਰਾਂ ਸਰਦਾਰ ਪੰਛੀ, ਜਗਜੀਤ ਕਾਫਿਰ, ਗੁਰਦਿਆਲ ਰੌਸ਼ਨ ਤੇ ਕੁਝ ਹੋਰ ਲੋਕਾਂ ਦੀ ਪ੍ਰੇਰਨਾ ਮਹੱਤਵਪੂਰਨ ਹੈ।


ਜੋਗਿੰਦਰ ਨੂਰਮੀਤ ਦੀ ਗ਼ਜ਼ਲ ਪੁਸਤਕ ਆਉਣ ਨਾਲ ਉਹ ਲੁਧਿਆਣਾ ਦੇ ਗ਼ਜ਼ਲ ਮੰਡਲ ਵਿੱਚ ਪ੍ਰਵੇਸ਼ ਕਰ ਗਈ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਦੱਸਿਆ ਕਿ ਜੋਗਿੰਦਰ ਨੂਰਮੀਤ ਆਪਣੀ ਪਹਿਲੀ ਕਿਤਾਬ ਛਪਣ ਤੋਂ ਪਹਿਲਾਂ ਹੀ ਸਾਹਿਤਕ ਸਫ਼ਾਂ ਵਿੱਚ ਆਪਣੇ ਪੁਖ਼ਤਾ ਕਲਾਮ ਸਦਕਾ ਆਪਣੀ ਪਛਾਣ ਬਣਾ ਚੁੱਕੀ ਹੈ। ਖ਼ੂਬਸੂਰਤ ਸਰਵਰਕ ਵਾਲੀ ਉਸਦੀ ਇਸ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ, ਲੁਧਿਆਣਾ ਵੱਲੋਂ ਛਾਪਿਆ ਗਿਆ ਹੈ ਅਤੇ ਇਸ ਵਿੱਚ ਕੁੱਲ 59 ਗ਼ਜ਼ਲਾਂ ਸ਼ਾਮਿਲ ਹਨ।


ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਵਰਨਜੀਤ ਸਵੀ ਨੇ ਕਿਹਾ ਕਿ ਹਲਵਾਰਾ ਨੇੜੇ ਨਵੀਂ ਆਬਾਦੀ ਅਕਾਲਗੜ੍ਹ (ਲੁਧਿਆਣਾ) ਵੱਸਦੀ ਸ਼ਾਇਰਾ ਜੋਗਿੰਦਰ ਨੂਰਮੀਤ ਨੇ ਗ਼ਜ਼ਲ ਵਰਗੀ ਤਕਨੀਕੀ ਸਿਨਫ਼ ਨੂੰ ਅਪਣਾ ਕੇ ਵੰਗਾਰ ਕਬੂਲੀ ਤੇ ਸਿਰਜਣਾ ਕਰ ਵਿਖਾਈ ਹੈ, ਜਿਸ ਸਦਕਾ ਉਹ ਮੁਬਾਰਕ ਦੀ ਹੱਕਦਾਰ ਹੈ।


ਇਸ ਮੌਕੇ ਹਾਜ਼ਰ ਕਵੀ ਗੁਰਪ੍ਰੀਤ ਮਾਨਸਾ, ਡਾਃ ਅਜੀਤਪਾਲ ਜਟਾਣਾ, ਤਰਸੇਮ ਨੂਰ, ਤ੍ਰੈਲੋਚਨ ਲੋਚੀ, ਮੁਕੇਸ਼ ਆਲਮ, ਮਨਜੀਤ ਪੁਰੀ, ਜਗਦੀਪ ਖੋਜ ਅਫ਼ਸਰ ਲੁਧਿਆਣਾ,ਡਾਃ ਮਨਦੀਪ ਕੌਰ ਔਲ਼ਖ, ਅਜੀਤਪਾਲ ਜਟਾਣਾ, ਡਾਃ ਜਗਵਿੰਦਰ ਜੋਧਾ,ਹਰਸਿਮਰਤ ਕੌਰ, ਪ੍ਰਭਜੋਤ ਸੋਹੀ, ਰਾਜਦੀਪ ਸਿੰਘ ਤੂਰ, ਰਣਧੀਰ ਸੰਗਰੂਰ , ਡਾਃ ਮੁਕਤੀ ਗਿੱਲ ਡਾਇਰੈਕਟਰ,ਡਾਃ ਇਕਬਾਲ ਕੌਰ ਪ੍ਰਿੰਸੀਪਲ, ਡਾਃ ਨਰਿੰਦਰਜੀਤ ਕੌਰ, ਰਵੀ ਜੱਖੂ, ਸੁਖਜੀਤ ਕੌਰ ਗਿੱਲ ਅਤੇ ਕਰਮਜੀਤ ਸਿੰਘ ਗਰੇਵਾਲ ਆਦਿ ਇਸ ਪੁਸਤਕ ਦੇ ਲੋਕ ਅਰਪਣ ਦੀ ਰਸਮ ਵਿੱਚ ਸ਼ਾਮਿਲ ਹੋਏ।


ਲੁਧਿਆਣਾ ਦੇ  ਜ਼ਿਲ੍ਹਾ ਭਾਸ਼ਾ ਅਫ਼ਸਰ, ਡਾਃ ਸੰਦੀਪ ਸ਼ਰਮਾ ਨੇ ਕਿਹਾ ਕਿ ਗ਼ਜ਼ਲ ਵਰਗੀ ਵਿਧਾ ਨੂੰ ਇੰਨੀ ਸਫਲਤਾ ਨਾਲ਼ ਨਿਭਾਉਣ ਲਈ ਲੰਮਾ ਅਭਿਆਸ ਲੋੜੀਂਦਾ ਹੈ ਅਤੇ ਜੋਗਿੰਦਰ ਨੂਰਮੀਤ ਇਸ ਪੱਖੋਂ ਵਧਾਈ ਦੀ ਪਾਤਰ ਹੈ ਜਿਸਨੇ ਪੱਕੇ ਪੈਰੀਂ ਸਾਹਿਤਕ ਪਿੜ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ ਹੈ। ਪੁਸਤਕ ਦੀ ਲੇਖਿਕਾ ਜੋਗਿੰਦਰ ਨੂਰਮੀਤ ਨੇ ਹਾਜ਼ਰ ਲੇਖਕਾਂ ਤੇ ਕਾਲਿਜ ਪ੍ਰਬੰਧਕਾਂ ਦਾ ਸ਼ੁਕਰੀਆ ਅਦਾ ਕੀਤਾ।

Story You May Like