The Summer News
×
Sunday, 30 June 2024

ਨਗਰ ਨਿਗਮ ਨੇ ਮਾਨਸੂਨ ਸੀਜ਼ਨ ਤੋਂ ਪਹਿਲਾਂ 24x7 ਫਲੱਡ ਕੰਟਰੋਲ ਰੂਮ ਕੀਤਾ ਸਥਾਪਿਤ

ਲੁਧਿਆਣਾ, 26 ਜੂਨ: (ਦੀਪਕ ਕਤਿਆਲ)
ਮਾਨਸੂਨ ਸੀਜ਼ਨ ਦੌਰਾਨ ਪਾਣੀ ਭਰਨ ਦੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਅਗਾਊਂ ਕਦਮ ਚੁੱਕਦਿਆਂ, ਨਗਰ ਨਿਗਮ ਨੇ ਆਪਣੇ ਦਰੇਸੀ ਸਬ ਜ਼ੋਨ ਦਫ਼ਤਰ ਵਿਖੇ ਹੜ੍ਹ/ਫਲੱਡ ਕੰਟਰੋਲ ਰੂਮ ਸਥਾਪਤ ਕੀਤਾ ਹੈ।


ਮੌਨਸੂਨ ਸੀਜ਼ਨ ਦੌਰਾਨ ਪਾਣੀ ਭਰਨ ਆਦਿ ਸਬੰਧੀ ਕੋਈ ਵੀ ਸਮੱਸਿਆ ਹੋਣ ਦੀ ਸੂਰਤ ਵਿੱਚ ਵਸਨੀਕ ਕੰਟਰੋਲ ਰੂਮ (0161-2749120) ਨਾਲ ਸੰਪਰਕ ਕਰ ਸਕਦੇ ਹਨ। 1 ਜੁਲਾਈ ਤੋਂ ਸ਼ੁਰੂ ਹੋ ਕੇ, ਫਲੱਡ ਕੰਟਰੋਲ ਰੂਮ 15 ਸਤੰਬਰ, 2024 ਤੱਕ ਕਾਰਜਸ਼ੀਲ ਰਹੇਗਾ।


ਸ਼ਹਿਰ ਦੇ ਬੁੱਢੇ ਨਾਲੇ ਅਤੇ ਹੋਰ ਅੰਦਰੂਨੀ ਡਰੇਨਾਂ ਦੀ ਸਫਾਈ ਦਾ ਕੰਮ ਨਗਰ ਨਿਗਮ ਵੱਲੋਂ ਪਹਿਲਾਂ ਤੋਂ ਹੀ ਕੀਤਾ ਜਾ ਰਿਹਾ ਹੈ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਅਧਿਕਾਰੀਆਂ ਨੂੰ ਸਥਿਤੀ ਦੀ ਨਿਰੰਤਰ ਨਿਗਰਾਨੀ ਕਰਨ ਅਤੇ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।


ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਮਾਨਸੂਨ ਸੀਜ਼ਨ ਦੌਰਾਨ ਸੰਕਟਕਾਲੀਨ ਸਥਿਤੀਆਂ ਨਾਲ ਨਜਿੱਠਣ ਵਿੱਚ ਕੋਈ ਦੇਰੀ ਨਾ ਹੋਵੇ।


ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ 24x7 ਫਲੱਡ ਕੰਟਰੋਲ ਰੂਮ ਲਈ ਇੱਕ ਡਿਊਟੀ ਰੋਸਟਰ ਤਿਆਰ ਕੀਤਾ ਗਿਆ ਹੈ ਅਤੇ ਸਟਾਫ ਤਿੰਨ ਸ਼ਿਫਟਾਂ ਵਿੱਚ ਕੰਟਰੋਲ ਰੂਮ ਵਿੱਚ ਤਾਇਨਾਤ ਰਹੇਗਾ।


ਸੰਦੀਪ ਰਿਸ਼ੀ ਨੇ ਕਿਹਾ ਕਿ ਜ਼ੋਨਲ ਕਮਿਸ਼ਨਰਾਂ ਨੂੰ ਜ਼ਮੀਨੀ ਪੱਧਰ 'ਤੇ ਸਥਿਤੀ ਦੀ ਨਿਰੰਤਰ ਨਿਗਰਾਨੀ ਕਰਨ ਅਤੇ ਰੋਡ ਜਾਲੀਆਂ ਦੀ ਨਿਯਮਤ ਸਫਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।


ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਪੰਪਿੰਗ ਸਟੇਸ਼ਨਾਂ ਦੇ ਸਹੀ ਕੰਮਕਾਜ ਨੂੰ ਯਕੀਨੀ ਬਣਾਇਆ ਜਾਵੇ ਅਤੇ ਬਰਸਾਤੀ ਪਾਣੀ ਖਾਸ ਕਰਕੇ ਨੀਵੇਂ ਇਲਾਕਿਆਂ ਤੋਂ ਬਾਹਰ ਕੱਢਣ ਲਈ ਪੰਪਿੰਗ ਸਟੇਸ਼ਨਾਂ/ਡਿਸਪੋਜ਼ਲ ਪੁਆਇੰਟਾਂ 'ਤੇ ਜਨਰੇਟਰ ਸੈੱਟ ਲਗਾਏ ਜਾਣ। ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਜ਼ੋਨਲ ਪੱਧਰ 'ਤੇ ਰੇਤ ਦੇ ਥੈਲਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

Story You May Like