The Summer News
×
Monday, 20 May 2024

ਸਮਰਾਲਾ-ਮਾਛੀਵਾਡ਼ਾ ਸਤਲੁਜ ਪੁਲ ਤੱਕ ਖਸਤਾ ਹਾਲਤ ਸਡ਼ਕ ਦਾ ਵਿਧਾਇਕ ਦਿਆਲਪੁਰਾ ਨੇ ਕੀਤਾ ਉਦਘਾਟਨ

ਸਮਰਾਲਾ, 5 ਜੂਨ : ਕਈ ਸਾਲਾਂ ਤੋਂ ਬੇਹੱਦ ਖਸਤਾ ਹਾਲਤ ਸਡ਼ਕ ਸਮਰਾਲਾ-ਮਾਛੀਵਾਡ਼ਾ ਸਤਲੁਜ ਪੁਲ ਤੱਕ ਦਾ ਸੰਤਾਪ ਭੋਗ ਰਹੇ ਲੋਕਾਂ ਨੂੰ ਅੱਜ ਉਸ ਸਮੇਂ ਵੱਡੀ ਰਾਹਤ ਮਿਲੀ, ਜਦੋਂ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਰੋਡ਼ਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸਡ਼ਕ ਦੀ ਮੁਰੰਮਤ ਦਾ ਉਦਘਾਟਨ ਕਰ ਦਿੱਤਾ । ਸਡ਼ਕ ’ਤੇ ਪਏ ਡੂੰਘੇ ਖੱਡੇ ਅਤੇ ਰੋਜ਼ਾਨਾਂ ਹੋ ਰਹੇ ਹਾਦਸਿਆਂ ਤੋਂ ਪ੍ਰੇਸ਼ਾਨ ਲੋਕਾਂ ਦੇ ਚਿਹਰਿਆਂ ’ਤੇ ਅੱਜ ਖੁਸ਼ੀ ਛਾਈ ਹੋਈ ਸੀ ਅਤੇ ਉਨ੍ਹਾਂ ਨੂੰ ਚਾਅ ਸੀ ਕਿ ਆਖਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਵਾ ਸਾਲ ਬਾਅਦ ਇਸ ਦਾ ਮੁਰੰਮਤ ਕਾਰਜ ਸ਼ੁਰੂ ਕਰਵਾ ਦਿੱਤਾ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਅੱਜ ਮਾਛੀਵਾਡ਼ਾ-ਸਮਰਾਲਾ ਰੋਡ ’ਤੇ ਰੀਬਨ ਕੱਟ ਕੇ ਇਸ ਦੀ ਮੁਰੰਮਤ ਦਾ ਕਾਰਜ ਸ਼ੁਰੂ ਕਰਵਾਇਆ।


ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਕਰੀਬ 18 ਕਿਲੋਮੀਟਰ ਲੰਬੀ ਸਡ਼ਕ ਦੇ ਨਿਰਮਾਣ ਕਾਰਜ ਲਈ 20 ਕਰੋਡ਼ ਰੁਪਏ ਤੋਂ ਵੱਧ ਖਰਚੇ ਜਾਣਗੇ ਅਤੇ ਜੇਕਰ ਮੌਸਮ ਨੇ ਸਾਥ ਦਿੱਤਾ ਤਾਂ ਇਹ ਕੰਮ 4 ਤੋਂ 5 ਮਹੀਨੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਹ ਸਡ਼ਕ ਦਾ ਨਿਰਮਾਣ ਕਰਵਾਉਣਾ ਉਨ੍ਹਾਂ ਦਾ ਪਹਿਲਾ ਉਦੇਸ਼ ਹੈ। ਜਿਸ ਨੂੰ ਉਨ੍ਹਾਂ ਪੂਰਾ ਕਰਕੇ ਦਿਖਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਪਵਾਤ ਤੋਂ ਲੈ ਕੇ ਮਾਛੀਵਾਡ਼ਾ ਤੱਕ ਗੁਰੂ ਗੋਬਿੰਦ ਸਿੰਘ ਮਾਰਗ ਅਤੇ ਝਾਡ਼ ਸਾਹਿਬ ਤੋਂ ਲੈ ਕੇ ਸਮਰਾਲਾ ਤੱਕ ਦੋਵੇਂ ਸਡ਼ਕਾਂ ਦਾ ਟੈਂਡਰ ਵੀ ਇੱਕ ਹਫ਼ਤੇ ’ਚ ਲੱਗ ਜਾਵੇਗਾ। ਜਿਸ ਦਾ ਨਿਰਮਾਣ ਕਾਰਜ ਵੀ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ।


ਪੱਤਰਕਾਰਾਂ ਵਲੋਂ ਸਵਾਲਾਂ ਦੇ ਜਵਾਬ ਦਿੰਦਿਆਂ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਬੇਸ਼ੱਕ ਸਮਰਾਲਾ ਤੋਂ ਲੈ ਕੇ ਸਤਲੁਜ ਪੁਲ ਤੱਕ ਸਡ਼ਕ ਦੇ ਨਿਰਮਾਣ ਲਈ ਕੁਝ ਸਿਆਸੀ ਆਗੂਆਂ ਨੇ ਇਸ ’ਤੇ ਸਿਆਸਤ ਵੀ ਕੀਤੀ, ਪਰ ਉਹ ਧੰਨਵਾਦੀ ਹਨ ਕਿ ਮਾਛੀਵਾਡ਼ਾ ਦੇ ਲੋਕਾਂ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਹਲਕਾ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਪਿਛਲੀ ਕਾਂਗਰਸ ਸਰਕਾਰ ਸਮੇਂ ਇਸ ਸਡ਼ਕ ਦੇ ਨਿਰਮਾਣ ਲਈ ਧਰਨੇ ਲਗਾਉਂਦੇ ਰਹੇ ਅਤੇ ਉਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਵਾਅਦਾ ਕੀਤਾ ਸੀ ਕਿ ਜਿੱਤਣ ਤੋਂ ਬਾਅਦ ਉਹ ਪਹਿਲ ਦੇ ਅਧਾਰ ’ਤੇ ਸਡ਼ਕ ਦਾ ਨਿਰਮਾਣ ਕਰਵਾਉਣਗੇ। ਬੇਸ਼ੱਕ ਇਸ ਸਡ਼ਕ ਦਾ ਨਿਰਮਾਣ ਕਰਵਾਉਣ ਲਈ ਸਵਾ ਸਾਲ ਦਾ ਸਮਾਂ ਲੱਗ ਗਿਆ ਪਰ ਵਿਧਾਇਕ ਨੇ ਵਾਅਦਾ ਪੂਰਾ ਕਰ ਦਿਖਾਇਆ ਕਿ ਜਿਸ ਸਡ਼ਕ ਲਈ ਧਰਨੇ ਲਗਾਉਂਦੇ ਰਹੇ ਅੱਜ ਉਸਦਾ ਹੀ ਉਦਘਾਟਨ ਕੀਤਾ।

Story You May Like