The Summer News
×
Monday, 20 May 2024

ਜ਼ਮੀਨੀ ਵਿਵਾਦ ਦੇ ਚਲਦੇ ਐਨਆਰਆਈ ਵਿਧਵਾ ਔਰਤ ਨੇ ਪ੍ਰਾਪਰਟੀ ਕਾਰੋਬਾਰੀ ਉਪਰ ਪੁਸ਼ਤੈਨੀ ਜ਼ਮੀਨ ’ਤੇ ਕਬਜ਼ਾ ਕਰਨ ਦਾ ਲਗਾਇਆ ਦੋਸ਼

ਰਾਏਕੋਟ, 1 ਜੂਨ (ਦਲਵਿੰਦਰ ਸਿੰਘ ਰਛੀਨ) : ਰਾਏਕੋਟ ਵਿਖੇ ਪੁਸ਼ਤੈਨੀ ਜ਼ਮੀਨੀ ਵਿਵਾਦ ਦੇ ਚਲਦੇ ਇੱਕ ਐਨਆਰਆਈ ਵਿਧਵਾ ਔਰਤ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਿਸ ਦੌਰਾਨ ਉਸ ਨੇ ਇੱਕ ਪ੍ਰਾਪਰਟੀ ਕਾਰੋਬਾਰੀ ਉਪਰ ਉਸ ਦੇ ਪਤੀ ਦੀ ਪੁਸ਼ਤੈਨੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਕਰਨ ਦਾ ਦੋਸ਼ ਲਗਾਇਆ ਹੈ, ਉਥੇ ਹੀ ਉਸ ਨੇ ਇਸ ਮਾਮਲੇ ਵਿਚ ਹਲਕਾ ਰਾਏਕੋਟ ਦੇ ਐਮਐਲਏ ਹਾਕਮ ਸਿੰਘ ’ਤੇ ਵੀ ਵਿਰੋਧੀ ਧਿਰ ਦੀ ਮਦਦ ਕਰਨ ਦਾ ਦੋਸ਼ ਲਗਾਇਆ, ਜਦਕਿ ਹਲਕਾ ਵਿਧਾਇਕ ਨੇ ਸਾਰੇ ਦੋਸ਼ਾਂ ਨੂੰ ਨਿਰਾਅਧਾਰ ਦੱਸਿਆ ਹੈ, ਦੂਜੇ ਪਾਸੇ ਐਨਆਰਆਈ ਔਰਤ ਦੀ ਸੱਸ ਨੇ ਵੀ ਆਪਣੀ ਨੂੰਹ ’ਤੇ ਕਈ ਤਰ੍ਹਾਂ ਦੋਸ਼ ਲਗਾਏ ਪ੍ਰੰਤੂ ਇਸ ਘਰੇਲੂ ਜ਼ਮੀਨੀ ਵਿਵਾਦ ਵਿਚ ਹਲਕਾ ਵਿਧਾਇਕ ਜ਼ਰੂਰ ਘਿਰਦੇ ਨਜ਼ਰ ਆ ਰਹੇ ਹਨ।


ਐਨਆਰਆਈ ਵਿਧਵਾ ਔਰਤ ਰਾਜਵਿੰਦਰ ਕੌਰ ਪਤਨੀ ਹਰਪਾਲ ਸਿੰਘ ਵਾਸੀ ਰਾਏਕੋਟ ਹਾਲਵਾਸੀ ਕੈਨੇਡਾ ਨੇ ਦੱਸਿਆ ਕਿ 2013 ਵਿਚ ਉਸਦਾ ਵਿਆਹ ਹਰਪਾਲ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਰਾਏਕੋਟ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਬੇਟਾ ਵੀ ਹੈ ਪ੍ਰੰਤੂ ਅਗਸਤ 2020 ਵਿਚ ਉਸਦੇ ਪਤੀ ਹਰਪਾਲ ਸਿੰਘ ਦੀ ਕੈਨੇਡਾ ਵਿਚ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਹ ਆਪਣੇ ਪਤੀ ਦੀ ਪੁਸ਼ਤੈਨੀ ਜ਼ਮੀਨ ਦੀ ਦੇਖ-ਭਾਲ ਕਰਦੀ ਆ ਰਹੀ, ਜਦਕਿ ਇਸ ਤੋਂ ਪਹਿਲਾ ਉਸ ਦਾ ਪਤੀ ਹਰਪਾਲ ਸਿੰਘ ਇਸ ਜ਼ਮੀਨ ਵਿਚ ਖੇਤੀ ਕਰਦਾ ਸੀ ਪ੍ਰੰਤੂ ਉਸ ਦੀ ਸੱਸ ਤਜਿੰਦਰ ਕੌਰ ਨੇ ਇਸ ਪੁਸ਼ਤੈਨੀ ਜ਼ਮੀਨ ਦੀ ਰਜਿਸਟਰੀ ਆਪਣੇ ਭਰਾ ਬਲਜਿੰਦਰ ਸਿੰਘ ਦੇ ਨਾਮ ਕਰਵਾ ਦਿੱਤੀ। ਜਿਸ ਖਿਲਾਫ਼ ਮਾਨਯੋਗ ਅਦਾਲਤ ਵੱਲੋਂ ਉਸ ਨੂੰ ਕਬਜ਼ੇ ਦੀ ਸਟੇਟਸ-ਕੋਅ ਦਿੱਤੀ ਹੋਣ ਦੇ ਬਾਵਜੂਦ ਇੱਕ ਪ੍ਰਾਪਰਟੀ ਕਾਰੋਬਾਰੀ ਦਵਿੰਦਰ ਸਿੰਘ ਨੇ ਐਮਐਲਓ ਰਾਏਕੋਟ ਹਾਕਮ ਸਿੰਘ ਨਾਲ ਮਿਲ ਕੇ ਉਸ ਦੀ ਜ਼ਮੀਨ ’ਤੇ ਜਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਸੱਸ ਤੋਂ 5 ਕਿਲੇ ਜ਼ਮੀਨ ਦੀ ਰਜਿਸਟਰੀ ਆਪਣੇ ਬੰਦਿਆਂ ਦੇ ਨਾਮ ਕਰਵਾ ਲਈ। ਐਨਆਰਆਈ ਔਰਤ ਨੇ ਐਮਐਲਏ ਹਾਕਮ ਸਿੰਘ ਉਪਰ ਦੂਜੀ ਧਿਰ ਦੀ ਹਮਾਇਤ ਕਰਨ ਅਤੇ ਉਸ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ। ਇਸ ਮੌਕੇ ਪੀੜਤ ਐਨਆਰਆਈ ਔਰਤ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।


ਦੂਜੇ ਪਾਸੇ ਪ੍ਰਾਪਰਟੀ ਕਾਰੋਬਾਰੀ ਦਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਦਿਆ ਐਨਆਰਆਈ ਔਰਤ ਦੇ ਸਾਰੇ ਦੋਸ਼ਾਂ ਨੂੰ ਝੂਠਾ ਦੱਸਦਿਆ ਆਖਿਆ ਕਿ ਉਸ ਦੀ ਜ਼ਮੀਨ ਨਾਲ ਉਨ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੈ, ਬਲਕਿ ਉਨ੍ਹਾਂ ਮਾਤਾ ਤਜਿੰਦਰ ਕੌਰ ਤੋਂ 10 ਏਕੜ ਜ਼ਮੀਨ ਨੂੰ ਖਰੀਦੀ ਹੈ। ਉਨ੍ਹਾਂ ਕਿਸੇ ਤਰ੍ਹਾਂ ਦੀ ਵੀ ਸਿਆਸੀ ਸਰਪ੍ਰਸਤੀ ਹੋਣ ਤੋਂ ਇਨਕਾਰ ਕੀਤਾ ਹੈ। ਇਸ ਮੌਕੇ ਐਨਆਰਆਈ ਔਰਤ ਦੀ ਸੱਸ ਤਜਿੰਦਰ ਕੌਰ ਨੇ ਆਖਿਆ ਕਿ ਉਸ ਦੀ ਨੂੰਹ ਪੁਸ਼ਤੈਨੀ ਜ਼ਮੀਨ ਲੈਣ ਚਾਹੁੰਦੀ ਹੈ ਅਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਜਿਸ ਕਾਰਨ ਉਸ ਨੇ ਇਹ ਜ਼ਮੀਨ ਆਪਣੀ ਮਰਜ਼ੀ ਨਾਲ ਵੇਚ ਦਿੱਤੀ।


ਇਸ ਸਬੰਧੀ ਜਦੋਂ ਐਮਐਲਏ ਰਾਏਕੋਟ ਠੇਕੇਦਾਰ ਹਾਕਮ ਸਿੰਘ ਨਾਲ ਫੋਨ ’ਕੇ ਗੱਲਬਾਤ ਕੀਤੀ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਿਕਾਰਦਿਆ ਕਿਹਾ ਕਿ ਉਸ ਨੂੰ ਜਾਣਬੁਝ ਕੇ ਬਦਨਾਮ ਕੀਤਾ ਜਾ ਰਿਹਾ ਹੈ, ਜਦਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਹ ਸੱਸ-ਨੂੰਹ ਦਾ ਆਪਸੀ ਜ਼ਮੀਨੀ ਵਿਵਾਦ ਹੈ, ਸਗੋਂ ਉਹ ਅਚਾਨਕ ਕਿਸੇ ਕੰਮ ਲਈ ਡੀਸੀ ਦਫ਼ਤਰ ਗਏ ਸੀ, ਉਥੇ ਇਹ ਔਰਤ ਮਿਲ ਗਈ ਅਤੇ ਕਹਿਣ ਲੱਗੀ ਕਿ ਤੁਸੀ ਦੂਜੀ ਧਿਰ ਦੇ ਪੱਖ ਵਿਚ ਆਏ ਹੋ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਮੁੱਖ ਮੰਤਰੀ ਦੇ ਪਿ੍ਰੰਸੀਪਲ ਸੈਕਟਰੀ ਨੂੰ ਮਿਲੀਆ ਸਨ, ਜਿਨ੍ਹਾਂ ਇਸ ਮਾਮਲੇ ਦੀ ਜਾਂਚ ਆਈਜੀ ਤੇ ਡੀਸੀ ਲੁਧਿਆਣਾ ਨੂੰ ਕਰਨ ਲਈ ਆਖਿਆ ਹੈ ਅਤੇ ਪੜਤਾਲ ਦੌਰਾਨ ਜੋ ਸਹੀ ਹੋਵੇਗਾ, ਉਸ ਨੂੰ ਜ਼ਮੀਨ ਮਿਲ ਜਾਵੇਗੀ।

Story You May Like