The Summer News
×
Tuesday, 21 May 2024

ਲੌਂਗੇਵਾਲਾ ਜੰਗ ਦੇ ਹੀਰੋ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਬੁੱਤ ਤੋਂ ਪਰਦਾ ਹਟਾਉਣ ਲਈ ਕੀਤੇ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਨਵਾਂਸ਼ਹਿਰ, 16 ਫਰਵਰੀ, 2023: ਗੜ੍ਹਸ਼ੰਕਰ-ਪੋਜੇਵਾਲ ਰੋਡ 'ਤੇ ਸਥਿਤ ਲੌਂਗੇਵਾਲਾ ਜੰਗ ਦੇ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਜੱਦੀ ਪਿੰਡ ਚਾਂਦਪੁਰ ਰੁੜਕੀ ਵਿਖੇ 17 ਫ਼ਰਵਰੀ ਨੂੰ ਉਨ੍ਹਾਂ ਦੇ ਬੁੱਤ ਤੋਂ ਪਰਦਾ ਹਟਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।


ਵੀਰਵਾਰ ਸ਼ਾਮ ਨੂੰ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਜ਼ਿਲੇ ਨੂੰ ਅਜਿਹੇ ਦਲੇਰ ਫੌਜੀ ਜਰਨੈਲ ਦੀ ਯਾਦਗਾਰ ਬਣਾਉਣ ਵਿਚ ਮਾਣ ਮਹਿਸੂਸ ਹੋ ਰਿਹਾ ਹੈ, ਜਿਸ ਨੇ ਪਾਕਿਸਤਾਨੀ ਫੌਜ ਦੀ ਇਕ ਵੱਡੀ ਟੁਕੜੀ ਦਾ ਆਪਣੀ 120 ਫੌਜੀਆਂ ਦੀ ਕੰਪਨ ਨਾਲ ਮੁਕਾਬਲਾ ਕੀਤਾ। 


ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਕਲ੍ਹ ਸਵੇਰੇ 10.30 ਵਜੇ ਪਿੰਡ ਚਾਂਦਪੁਰ ਰੁੜਕੀ ਵਿਖੇ ਰਾਸ਼ਟਰ ਦੇ ਨਾਇਕ ਦੇ ਬੁੱਤ ਦੀ ਸਥਾਪਤੀ ਦੇ ਨਾਲ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ |


ਉਨ੍ਹਾਂ ਨੇ ਇਸ ਮੌਕੇ ਮੌਜੂਦ ਸਵਰਗੀ ਬ੍ਰਿਗੇਡੀਅਰ ਚਾਂਦਪੁਰੀ ਦੇ ਸਪੁੱਤਰ ਸ. ਹਰਦੀਪ ਚਾਂਦਪੁਰੀ ਨਾਲ ਸਮਾਗਮ ਦੇ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਮਰਹੂਮ ਬ੍ਰਿਗੇਡੀਅਰ ਚਾਂਦਪੁਰੀ ਦੀ ਉੱਚ ਸਖਸ਼ੀਅਤ ਅਨੁਸਾਰ ਸਮਾਗਮ ਨੂੰ ਗੌਰਵਸ਼ਾਲੀ ਬਣਾਉਣ ਦਾ ਭਰੋਸਾ ਦਿੱਤਾ।


ਪਿੰਡ ਦੇ ਸਰਪੰਚ ਬਿੰਦਰ ਕੁਮਾਰ ਨੇ ਦੱਸਿਆ ਕਿ ਪੂਰਾ ਪਿੰਡ ਆਪਣੇ ਪਿੰਡ ਦੇ ਜਰਨੈਲ ਦੀ ਵੀਰਤਾ ਦੀ ਯਾਦ ਨੂੰ ਬੁੱਤ ਦੇ ਰੂਪ ਵਿੱਚ ਹਮੇਸ਼ਾਂ ਲਈ ਸੰਭਾਲ ਕੇ ਮਾਣ ਮਹਿਸੂਸ ਕਰ ਰਿਹਾ ਹੈ।


ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਅਤੇ ਬਲਾਚੌਰ ਦੇ ਸੀਨੀਅਰ ‘ਆਪ’ ਆਗੂ ਅਸ਼ੋਕ ਕੁਮਾਰ ਕਟਾਰੀਆ ਨੇ ਕਿਹਾ ਕਿ ਨਵੇਂ ਬਣੇ ਪਾਰਕ ਵਿੱਚ ਸਥਿਤ ਮਹਾਂਵੀਰ ਚੱਕਰ ਅਤੇ ਵਿਸ਼ਿਸ਼ਟ ਸੇਵਾ ਮੈਡਲ ਪ੍ਰਾਪਤ ਜਰਨੈਲ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਬੁੱਤ ਲੋਕਾਂ ਵਿੱਚ ਦੇਸ਼ ਅਤੇ ਸੈਨਿਕ ਸਨਮਾਨ ਦੀ ਭਾਵਨਾ ਪੈਦਾ ਕਰੇਗਾ। ਇਸ ਦੇ ਨਾਲ ਹੀ ਇਲਾਕੇ ਦੇ ਲੋਕ 1971 ਦੀ ਜਿੱਤ ਦੇ ਪਲਾਂ ਨਾਲ ਸਬੰਧਤ ਬ੍ਰਿਗੇਡੀਅਰ ਚਾਂਦਪੁਰੀ ਦੀਆਂ ਕੁਝ ਦੁਰਲੱਭ ਅਤੇ ਇਤਿਹਾਸਕ ਤਸਵੀਰਾਂ ਜੋ ਉਨ੍ਹਾਂ ਦੀ ਅਸਧਾਰਣ ਬਹਾਦਰੀ ਨੂੰ ਪ੍ਰਦਰਸ਼ਿਤ ਕਰਨਗੀਆਂ, ਨੂੰ ਵੀ ਇੱਥੇ ਮਿਊਜ਼ੀਅਮ ਦੇ ਰੂਪ ਚ ਦੇਖ ਸਕਣਗੇ।ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਅਧਿਕਾਰੀਆਂ ਵਿੱਚ ਐਸ ਐਸ ਪੀ ਭਾਗੀਰਥ ਸਿੰਘ ਮੀਨਾ, ਏ ਡੀ ਸੀ ਰਾਜੀਵ ਵਰਮਾ ਅਤੇ ਦਵਿੰਦਰ ਕੁਮਾਰ, ਐਸ ਡੀ ਐਮ ਬਲਾਚੌਰ ਵਿਕਰਮਜੀਤ ਪਾਂਥੇ, ਐਸ ਪੀ ਡਾ: ਮੁਕੇਸ਼ ਅਤੇ ਗੁਰਮੀਤ ਕੌਰ ਹਾਜ਼ਰ ਸਨ।

Story You May Like