The Summer News
×
Thursday, 27 June 2024

ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਸਿਹਤਮੰਦ ਜੀਵਨ ਲਈ ਯੋਗਾ ਨੂੰ ਰੋਜ਼ਮਰਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਕੀਤਾ ਪ੍ਰੇਰਿਤ

ਲੁਧਿਆਣਾ, 21 ਜੂਨ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਅੱਜ ਜ਼ਿਲ੍ਹੇ ਦੇ ਲੋਕਾਂ ਨੂੰ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਊਣ ਲਈ ਯੋਗਾ ਨੂੰ ਆਪਣੀ ਰੋਜ਼ਮਰਾ ਜਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਯੋਗਾ ਨੂੰ ਸਿਹਤਮੰਦ, ਸਦਭਾਵਨਾ ਅਤੇ ਖ਼ੁਸ਼ੀ ਦਾ ਜ਼ਰੂਰੀ ਮਾਧਿਅਮ ਕਰਾਰ ਦਿੱਤਾ।ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਸਰਬਸੰਮਤੀ ਨਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਭਾਰਤ ਦੁਆਰਾ ਪਾਏ ਮਤੇ ਨੂੰ ਸਵੀਕਾਰ ਕਰਨ ਤੋਂ ਬਾਅਦ ਇਹ ਦਿਨ ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜੋ ਕਿ ਉੱਤਰੀ ਗੋਲਾਕਾਰ ਦਾ ਸਾਲ ਦਾ ਸਭ ਤੋਂ ਲੰਬਾ ਦਿਨ ਹੈ।


ਉਨ੍ਹਾਂ ਕਿਹਾ 'ਇਹ ਦਿਨ ਸਾਡੇ ਸਰੀਰ ਅਤੇ ਦਿਮਾਗ ਲਈ ਕੁਝ ਸਮਾਂ ਕੱਢਣ ਲਈ ਯਾਦ ਦਿਵਾਉਂਦਾ ਹੈ ਅਤੇ ਇੱਕ ਪ੍ਰੇਰਕ ਸ਼ਕਤੀ ਵਜੋਂ ਵੀ ਕੰਮ ਕਰਦਾ ਹੈ ਜੋ ਲੱਖਾਂ ਲੋਕਾਂ ਨੂੰ ਸਿਹਤਮੰਦ ਸਰੀਰ ਅਤੇ ਦਿਮਾਗ਼ ਲਈ ਯੋਗਾ ਦਾ ਅਭਿਆਸ ਸ਼ੁਰੂ ਕਰਨ ਲਈ ਉਤਸ਼ਾਹਿਤ ਕਰ ਸਕਦਾ ਹੈ।'ਉਨ੍ਹਾਂ ਕਿਹਾ ਕਿ ਯੋਗਾ ਸਾਡੇ ਪੂਰਵਜਾਂ ਦੁਆਰਾ ਦੁਨੀਆ ਨੂੰ ਦਿੱਤਾ ਗਿਆ ਸਭ ਤੋਂ ਮਹਾਨ ਅਤੇ ਪ੍ਰਾਚੀਨ ਤੋਹਫਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੋਗਾ ਇੱਕ ਕੁਦਰਤੀ ਬੀਮਾ ਕਵਰ ਹੈ ਜੋ ਬਿਮਾਰੀਆਂ ਨੂੰ ਦੂਰ ਰੱਖਦਾ ਹੈ ਅਤੇ ਸਰੀਰ, ਮਨ ਅਤੇ ਆਤਮਾ ਦੀ ਸਮੁੱਚੀ ਤੰਦਰੁਸਤੀ ਲਈ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਉਨ੍ਹਾਂ ਲੋਕਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਹ ਰੋਜ਼ਾਨਾ ਘੱਟੋ-ਘੱਟ ਇੱਕ ਘੰਟਾ ਯੋਗਾ ਕਰਨ ਤਾਂ ਜੋ ਉਹ ਸਿਹਤਮੰਦ ਜੀਵਨ ਦਾ ਲਾਭ ਉਠਾ ਸਕਣ।


ਡਿਪਟੀ ਕਮਿਸ਼ਨਰ ਸਾਹਨੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਯੋਗਾ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਜਿਸਦੇ ਤਹਿਤ ਪਹਿਲਾਂ ਹੀ ਮੁੱਖ ਮੰਤਰੀ ਦੀ ਯੋਗਸ਼ਾਲਾ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ।ਉਨ੍ਹਾਂ ਕਿਹਾ ਕਿ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਤਹਿਤ ਜ਼ਿਲ੍ਹੇ ਵਿੱਚ 'ਸੀ.ਐਮ. ਦੀ ਯੋਗਸ਼ਾਲਾ' ਪਹਿਲਕਦਮੀ ਤਹਿਤ 185 ਯੋਗਾ ਕਲਾਸਾਂ ਲੋਕਾਂ ਦੇ ਘਰਾਂ ਨੇੜੇ ਮੁਫਤ ਸਿਖਲਾਈ ਪ੍ਰਦਾਨ ਕਰ ਰਹੀਆਂ ਹਨ।ਇਹ ਕਲਾਸਾਂ ਇਸ ਸਮੇਂ ਲੁਧਿਆਣਾ ਸ਼ਹਿਰ, ਖੰਨਾ, ਜਗਰਾਉਂ, ਮਲੌਦ, ਸਮਰਾਲਾ, ਸੁਧਾਰ, ਸਿੱਧਵਾਂ ਬੇਟ, ਮਾਛੀਵਾੜਾ, ਦਾਖਾ ਅਤੇ ਪਾਇਲ ਦੇ ਵੱਖ-ਵੱਖ ਖੇਤਰਾਂ ਵਿੱਚ ਚੱਲ ਰਹੀਆਂ ਹਨ, ਜਿੱਥੇ 34 ਯੋਗਾ ਇੰਸਟ੍ਰਕਟਰ ਸਵੇਰ ਅਤੇ ਸ਼ਾਮ ਦੀਆਂ ਸ਼ਿਫਟਾਂ ਵਿੱਚ ਸਿਖਲਾਈ ਦੇ ਰਹੇ ਹਨ। ਇਨ੍ਹਾਂ ਇੰਸਟ੍ਰਕਟਰਾਂ ਨੂੰ ਯੋਗਾ ਸਿਖਾਉਣ ਲਈ ਗੁਰੂ ਰਵਿਦਾਸ ਯੂਨੀਵਰਸਿਟੀ ਵਿੱਚ ਸਿਖਲਾਈ ਦਿੱਤੀ ਗਈ ਹੈ।


ਪੰਜਾਬ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ 76694-00500 ਸਥਾਪਤ ਕੀਤਾ ਗਿਆ ਹੈ ਜਿੱਥੇ ਲੋਕ ਮੁਫਤ ਯੋਗਾ ਇੰਸਟ੍ਰਕਟਰ ਦੀ ਬੇਨਤੀ ਕਰਨ ਲਈ ਮਿਸਡ ਕਾਲ ਦੇ ਸਕਦੇ ਹਨ। ਉਹ cmdiyogshala.punjab.gov.in 'ਤੇ ਵੀ ਰਜਿਸਟਰ ਕਰ ਸਕਦੇ ਹਨਜੇਕਰ 25 ਵਿਅਕਤੀਆਂ ਦਾ ਸਮੂਹ ਆਪਣੇ ਮੁਹੱਲੇ ਜਾਂ ਕਿਸੇ ਕਲੋਨੀ ਵਿੱਚ ਯੋਗਾ ਕਰਨਾ ਚਾਹੁੰਦਾ ਹੈ, ਤਾਂ ਉਹ ਮੁਫਤ ਯੋਗਾ ਸਿਖਲਾਈ ਲਈ ਦਿੱਤੇ ਗਏ ਫੋਨ ਨੰਬਰ 'ਤੇ ਮਿਸ ਕਾਲ ਕਰ ਸਕਦੇ ਹਨ। ਸਿੱਖਿਅਤ ਯੋਗਾ ਇੰਸਟ੍ਰਕਟਰ ਉਨ੍ਹਾਂ ਨੂੰ ਖੁੱਲ੍ਹੇ ਪਾਰਕਾਂ ਅਤੇ ਹੋਰ ਜਨਤਕ ਸਥਾਨਾਂ 'ਤੇ ਮੁਫਤ ਯੋਗਾ ਸਿਖਲਾਈ ਪ੍ਰਦਾਨ ਕਰਨਗੇ।ਉਨ੍ਹਾਂ ਅੱਗੇ ਕਿਹਾ ਕਿ ਯੋਗਾ ਤਣਾਅ, ਚਿੰਤਾ ਅਤੇ ਡਿਪਰੈਸ਼ਨ ਨੂੰ ਘਟਾਉਣ ਲਈ ਇੱਕ ਪ੍ਰਭਾਵਸ਼ਾਲੀ ਸਾਧਨ ਬਣ ਗਿਆ ਹੈ ਜੋ ਅਜੋਕੇ ਮਨੁੱਖੀ ਜੀਵਨ ਲਈ ਖਤਰਾ ਪੈਦਾ ਕਰ ਰਹੇ ਹਨ।

Story You May Like