The Summer News
×
Monday, 13 May 2024

ਰੰਜਿਸ਼ ਦੇ ਚਲਦਿਆਂ ਪਰਿਵਾਰ 'ਤੇ ਕੀਤਾ ਕਿਰਪਾਨਾਂ ਨਾਲ ਹਮਲਾ, ਘਰ ਅੰਦਰ ਦਾਖਲ ਹੋ ਕੇ ਔਰਤ ਸਮੇਤ ਪਰਿਵਾਰ ਦੇ ਤਿੰਨ ਜੀਅ ਕੀਤੇ ਜ਼ਖਮੀ

ਲੁਧਿਆਣਾ, 14 ਨਵੰਬਰ: ਸਥਾਨਕ ਤਾਜਪੁਰ ਰੋਡ ਸਥਿਤ ਕਿਸ਼ੋਰ ਨਗਰ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀਆਂ ਵਿੱਚ ਇੱਕ ਔਰਤ, ਉਸਦਾ ਦਿਉਰ ਅਤੇ ਸਹੁਰਾ ਸ਼ਾਮਲ ਹਨ। ਤੇਜਧਾਰ ਹਥਿਆਰਾਂ ਨਾਲ ਲੈੱਸ ਹਮਲਾਵਰਾਂ ਨੇ ਪੀੜਤਾਂ ਨਾਲ ਕੁੱਟਮਾਰ ਕੀਤੀ ਅਤੇ ਕਿਰਪਾਨਾਂ ਨਾਲ ਵਾਰ ਕਰ ਕੇ ਸਖਤ ਜ਼ਖਮੀ ਕਰ ਦਿੱਤਾ ਅਤੇ ਜਾਨੋੰ ਮਾਰਨ ਦੀਆਂ ਧਮਕੀਆਂ ਦਿੱਤੀਆਂ।



ਅਮਿਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ. 1, ਕਿਸ਼ੋਰ ਨਗਰ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਕਰੀਬ 9 ਵਜੇ ਇੰਦਰਜੀਤ ਸਿੰਘ, ਸੁਰਜੀਤ ਸਿੰਘ ਉਰਫ ਸ਼ੰਕਰ, ਅਮਿਤ, ਗਗਨਦੀਪ ਉਰਫ ਦੀਪਕ, ਸੁਰਿੰਦਰ ਸਿੰਘ, ਸੁਨੀਲ ਕੁਮਾਰ ਉਰਫ ਬਬਲੂ ਅਤੇ ਕ੍ਰਿਸ਼ਨ ਵਾਸੀਆਨ ਗਲੀ ਨੰਬਰ 1, ਮੁਹੱਲਾ ਕਿਸ਼ੋਰ ਨਗਰ ਨੇ ਘਰ ਅੰਦਰ ਦਾਖਲ ਹੋ ਕੇ ਉਸਦੇ ਪਰਿਵਾਰਿਕ ਮੈਂਬਰਾਂ ਉੱਪਰ ਹਮਲਾ ਕੀਤਾ ਅਤੇ ਕਿਰਪਾਨਾਂ ਮਾਰ ਕੇ ਉਸਦੀ ਪਤਨੀ ਸੁਪਿੰਦਰ ਰਾਣੀ, ਛੋਟੇ ਭਰਾ ਰਿਕੀ ਕੁਮਾਰ (38) ਅਤੇ ਪਿਤਾ ਅਸ਼ੋਕ ਕੁਮਾਰ (63) ਨੂੰ ਜ਼ਖਮੀ ਕਰ ਦਿੱਤਾ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਹਮਲੇ ਵਿੱਚ ਵਰਤੀ ਕਿਰਪਾਨ ਬਰਾਮਦ ਕਰ ਲਈ ਹੈ ਜਦੋਂ ਕਿ ਦੋਸ਼ੀ ਅਜੇ ਪੁਲਿਸ ਗਿਰਫਤ ਤੋਂ ਬਾਹਰ ਹਨ। ਪੁਲਿਸ ਨੇ ਧਾਰਾ 323, 506, 452, 148, ਅਤੇ 149 ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਫਸਰ ਕੁਲਦੀਪ ਸਿੰਘ ਏ.ਐਸ.ਆਈ. ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

Story You May Like