The Summer News
×
Tuesday, 30 April 2024

ਪੀ.ਏ.ਯੂ. ਵਿੱਚ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਕੋਰਸ ਨੇਪਰੇ ਚੜ੍ਹਿਆ

ਲੁਧਿਆਣਾ 22 ਅਪ੍ਰੈਲ : ਪੀ.ਏ.ਯੂ. ਵਿੱਚ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਸਕਿੱਲ ਡਿਵੈਲਪਮੈਂਟ ਸਿਖਲਾਈ ਕੋਰਸ ਬੈਚ-128 ਸਮਾਪਤ ਹੋਇਆ। ਇਸ ਤਿਮਾਹੀ ਸਿਖਲਾਈ ਕੋਰਸ ਵਿੱਚ ਲਗਭਗ 27 ਸਿਖਿਆਰਥੀਆਂ ਨੇ ਭਾਗ ਲਿਆ ਜਿਹਨਾਂ ਵਿੱਚੋਂ 18 ਸਿਖਿਆਰਥੀਆਂ ਨੇ ਸਫਲਤਾਪੂਰਵਕ ਕੋਰਸ ਪੂਰਾ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਹ ਸਿਖਲਾਈ ਕੋਰਸ ਮਿਤੀ ਜਨਵਰੀ 02, 2023 ਨੂੰ ਸ਼ੁਰੂ ਹੋਇਆ ਸੀ ਜੋ ਕਿ ਅੱਜ ਸਮਾਪਤ ਹੋ ਗਿਆ।




ਸਫਲਤਾ ਨਾਲ ਪੂਰਾ ਕਰਨ ਵਾਲੇ ਨੌਜਵਾਨ ਕਿਸਾਨਾਂ ਨੂੰ ਸਰਟੀਫਿਕੇਟ ਵੰਡਣ ਲਈ ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਡਾ. ਰਿਆੜ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੀ.ਏ.ਯੂ. ਵੱਲੋਂ ਲਾਇਆ ਜਾਂਦਾ ਇਹ ਕੋਰਸ ਵਿਗਿਆਨਕ ਖੇਤੀ ਨੂੰ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਹਨਾਂ ਨੇ ਇਸ ਕੋਰਸ ਦੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਖਿਆਰਥੀ ਆਪਣੇ ਕਿੱਤੇ ਵਿੱਚ ਨਵਾਂਪਣ ਲਿਆ ਕੇ ਖੇਤੀਬਾੜੀ ਨੂੰ ਉਚਾਈਆਂ ਤੇ ਪਹੁੰਚਾਉਣ ਅਤੇ ਆਮਦਨੀ ਵਿੱਚ ਖੇਤੀਬਾੜੀ ਨੂੰ ਵਧਾਉਣ ਲਈ ਸਹਾਇਕ ਧੰਦੇ ਅਪਨਾਉਣ। ਕਿਸਾਨ ਵੀਰ ਹੀ ਨਹੀਂ ਕਿਸਾਨ ਬੀਬੀਆਂ ਵੀ ਘਰੇਲੂ ਪੱਧਰ ਤੇ ਖੇਤੀ ਸਹਾਇਕ ਧੰਦਿਆਂ ਤੋਂ ਪਰਿਵਾਰ ਦੀ ਆਮਦਨ ਵਿੱਚ ਵੱਡਮੁੱਲਾ ਯੋਗਦਾਨ ਦੇ ਸਕਦੀਆਂ ਹਨ।
 
ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਇਸ ਕੋਰਸ ਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਕੋਰਸ ਸਮਾਪਤੀ ਦੀ ਅੰਤਿਮ ਰਿਪੋਰਟ ਵੀ ਸਾਰਿਆਂ ਨਾਲ ਸਾਂਝੀ ਕੀਤੀ। ਇਸ ਮੌਕੇ ਤੇ ਕੋਰਸ ਕੋ-ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਦੱਸਿਆ ਕਿ ਸਫਲ ਕਿਸਾਨਾਂ ਦੇ ਤਜਰਬਿਆਂ ਨੂੰ ਆਪਣੇ ਕਿੱਤੇ ਵਿੱਚ ਅਪਣਾ ਕੇ ਸਿਖਿਆਰਥੀ ਸਫਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਸਕਦੇ ਹਨ। ਇਸ ਤਿਮਾਹੀ ਸਿਖਲਾਈ ਕੋਰਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਸ਼ਾ ਮਾਹਿਰਾਂ ਨੇ ਭਰਪੂਰ ਅਤੇ ਵਿਹਾਰਕ ਜਾਣਕਾਰੀ ਸਾਂਝੀ ਕੀਤੀ। ਇਸ ਕੋਰਸ ਵਿੱਚ ਮੈਡਮ ਕੰਵਲਜੀਤ ਕੌਰ ਅਤੇ ਆਸ਼ੀਸ਼ ਸ਼ਰਮਾ ਨੇ ਕੋਰਸ ਸੰਬੰਧੀ ਤਕਨੀਕੀ ਸਹਾਇਤਾ ਕੀਤੀ। ਇਸ ਮੌਕੇ ਤੇ ਡਾ. ਲਵਲੀਸ਼ ਗਰਗ ਨੇ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੂੰ ਖੇਤੀ ਉਤਪਾਦਾਂ ਦੇ ਮੰਡੀਕਰਨ ਕਰਨ ਦੇ ਤਰੀਕਿਆਂ ਨੂੰ ਕਿੱਤੇ ਵਿੱਚ ਅਪਨਾਉਣ ਉੱਪਰ ਜੋਰ ਦਿੱਤਾ।
 
ਅੰਤ ਵਿੱਚ ਸ਼੍ਰੀਮਤੀ ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਗਈ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।



Story You May Like