The Summer News
×
Monday, 13 May 2024

ਵੈਟਨਰੀ ਯੂਨੀਵਰਸਿਟੀ ਨੇ ਇੰਸਟੀਚਿਊਟ ਆਫ ਮਾਈਕਰੋਬੀਅਲ ਟੈਕਨਾਲੋਜੀ ਨਾਲ ਕੀਤਾ ਇਕਰਾਰਨਾਮਾ

ਲੁਧਿਆਣਾ 27 ਜੂਨ 2023 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਚੰਡੀਗੜ੍ਹ ਵਿਖੇ ਸਥਿਤ ਇੰਸਟੀਚਿਊਟ ਆਫ ਮਾਈਕਰੋਬੀਅਲ ਟੈਕਨਾਲੋਜੀ ਨਾਲ ਇਕ ਇਕਰਾਰਨਾਮੇ ’ਤੇ ਸਹੀ ਪਾਈ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਇਸ ਸਮਾਰੋਹ ਵਿਚ ਯੂਨੀਵਰਸਿਟੀ ਵੱਲੋਂ ਮੌਜੂਦ ਰਹੇ। ਦੂਸਰੀ ਸੰਸਥਾ ਵੱਲੋਂ ਡਾ. ਨੀਰਜ ਕੁਮਾਰ ਖੱਤਰੀ, ਸੰਯੋਜਕ ਨੇ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ। ਇਸ ਮੌਕੇ ’ਤੇ ਡਾ. ਐਨ ਕਲਈਸੇਲਵੀ, ਮਹਾਂਨਿਰਦੇਸ਼ਕ, ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ, ਡਾ. ਸੰਜੀਵ ਖੋਸਲਾ, ਨਿਰਦੇਸ਼ਕ, ਇੰਸਟੀਚਿਊਟ ਆਫ ਮਾਈਕਰੋਬੀਅਲ ਟੈਕਨਾਲੋਜੀ, ਚੰਡੀਗੜ੍ਹ ਅਤੇ ਪ੍ਰੋਫੈਸਰ, ਐਸ ਅਨੰਥਾ ਰਾਮਾਕ੍ਰਿਸ਼ਨਾ ਵੀ ਮੌਜੂਦ ਸਨ।


ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਨੇ ਇਸ ਸਹਿਮਤੀ ਪੱਤਰ ਸੰਬੰਧੀ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਸੰਸਥਾਵਾਂ ਦੀ ਭਾਈਵਾਲਤਾ ਵੈਟਨਰੀ, ਪਸ਼ੂ ਵਿਗਿਆਨ ਅਤੇ ਸੂਖਮ ਜੀਵ ਵਿਗਿਆਨ ਦੇ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ। ਇਸ ਸਾਂਝ ਨਾਲ ਇਸ ਖੇਤਰ ਦੀਆਂ ਚੁਣੌਤੀਆਂ ਨੂੰ ਨਜਿੱਠਣ ਦੇ ਨਾਲ ਸਾਧਨਾਂ, ਖੋਜ ਯੋਗਤਾਵਾਂ ਅਤੇ ਗਿਆਨ ਨੂੰ ਇਕੱਠਿਆਂ ਵਰਤਣ ਦਾ ਮੌਕਾ ਮਿਲੇਗਾ।


ਇਸ ਪ੍ਰਾਜੈਕਟ ਦੇ ਤਹਿਤ ਦੋਵਾਂ ਸੰਸਥਾਵਾਂ ਦੇ ਵਿਗਿਆਨੀ ਅਤੇ ਖੋਜਾਰਥੀ ਨਵੇਂ ਅਧਿਐਨ ਦੇ ਰੂ-ਬ-ਰੂ ਹੋਣਗੇ ਅਤੇ ਨਵੀਨ ਜਾਂਚ ਵਿਧੀਆਂ, ਬਿਹਤਰ ਪਸ਼ੂ ਸਿਹਤ ਸੰਭਾਲ ਅਤੇ ਖੇਤੀਬਾੜੀ ਲਈ ਟਿਕਾਊ ਅਭਿਆਸਾਂ ’ਤੇ ਅਮਲ ਕੀਤਾ ਜਾਵੇਗਾ। ਇਸ ਨਾਲ ਪਸ਼ੂ ਬਿਮਾਰੀਆਂ ਦੇ ਨਵੇਂ ਇਲਾਜ ਲੱਭਣ ਲਈ ਵੀ ਫਾਇਦਾ ਮਿਲੇਗਾ। ਵਿਦਿਆਰਥੀਆਂ ਤੇ ਅਧਿਆਪਕਾਂ ਦੇ ਦੁਵੱਲੇ ਵਟਾਂਦਰਾ ਪ੍ਰੋਗਰਾਮ ਅਧੀਨ ਇਕ ਦੂਸਰੀ ਸੰਸਥਾ ਵਿਚ ਜਾਣ ਅਤੇ ਕੰਮ ਕਰਨ ਦਾ ਮੌਕਾ ਮਿਲੇਗਾ।

Story You May Like