The Summer News
×
Monday, 20 May 2024

ਜਵੱਦੀ ਟਕਸਾਲ ਵਿਖੇ ਖਾਲਸਾ ਸਾਜਨਾ ਦਿਵਸ ਚੜਦੀਕਲਾ ਨਾਲ ਮਨਾਇਆ

ਲੁਧਿਆਣਾ 14 ਅਪ੍ਰੈਲ : ਸਿੱਖੀ ਦੇ ਪ੍ਰਚਾਰ-ਪਸਾਰ ਲਈ ਕਾਰਜਸ਼ੀਲ ਜਵੱਦੀ 'ਟਕਸਾਲ' ਦੇ ਸਿਰਜਿਤ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਸਿਰਜੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਦ੍ਰਿੜ੍ਹਤਾ ਨਾਲ ਜੁਟੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਜੀ ਦੇ ਸਾਜਨਾ ਦਿਵਸ ਮੌਕੇ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਕਲਾਂ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ।


ਜਾਣਕਾਰੀ ਅਨੁਸਾਰ ਅਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ।ਇਸ ਮੌਕੇ ਸਜੇ ਦੀਵਾਨ ਵਿੱਚ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਰਾਗਾਂ ਵਿੱਚ ਕੀਰਤਨ ਕੀਤਾ। ਉਪਰੰਤ ਸਜੇ ਦੀਵਾਨਾਂ ਵਿਚ ਸੰਤ ਬਾਬਾ ਅਮੀਰ ਸਿੰਘ ਜੀ ਨੇ ਸਰਬੰਸਦਾਨੀ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ੧੬੯੯ ਈਸ਼ਵੀ ਨੂੰ ਅੱਜ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਖਾਲਸਾ ਸਾਜਨਾ ਦੇ ਪੱਖਾਂ ਨੂੰ ਸਾਝਾ ਕਰਦਿਆਂ ਅਜੋਕੇ ਹਾਲਾਤਾਂ ਵਿੱਚ ਸਿੱਖ ਪਰਵਾਰਾਂ ਵਿੱਚ ਜਨਮੇ ਜੁਆਕਾਂ ਵਲੋਂ ਕੇਸ ਕਤਲ ਕਰਵਾਉਣ ਦੀ ਪ੍ਰਵਿਰਤੀ ਅਤੇ ਪੰਥ ਦੇ ਭਵਿਖ ਦੀ ਫ਼ਿਕਰਮੰਦੀ ਨੂੰ ਦੂਰ ਕਰਨ ਲਈ ਹਰ ਗੁਰਸਿੱਖ ਪ੍ਰਵਾਰ ਨੂੰ ਕੌਮੀ ਫ਼ਰਜ਼ ਸਮਝਦਿਆਂ ਇਸ ਪ੍ਰਵਿਰਤੀ ਨੂੰ ਰੋਕਣ ਲਈ ਆਪੋ ਆਪਣੇ ਜਤਨਾਂ ਨਾਲ ਕਾਰਜਸ਼ੀਲ ਹੋਣ ਦਾ ਸੱਦਾ ਦਿੰਦਿਆਂ ਵੱਡਾ ਹੰਭਲਾ ਮਾਰਨ ਲਈ ਪ੍ਰੇਰਿਆ। ਮਹਾਂਪੁਰਸ਼ਾਂ ਨੇ ਗੁਰਬਾਣੀ ਦੇ ਨਜ਼ਰੀਏ ਤੋਂ ਪਤਿਤ ਪੁਣਾ ਵਿਸ਼ੇ ਤੇ ਵਿਚਾਰਾਂ ਦੀ ਸਾਂਝ ਪਾਉਦਿਆਂ ਨਾਮ ਨੂੰ ਹਿਰਦੇ ਚ ਵਸਾਉਣ ਭਾਵ ਸੱਚ ਆਚਾਰ ਦੇ ਧਾਰਨੀ ਹੋਣ ਤੇ ਜੋਰ ਦਿੱਤਾ। ਗੁਰਬਾਣੀ ਵਿੱਚ ਦਰਸਾਇਆ ਸੱਚ ਆਚਾਰ ਹੀ ਅਸਲ ਵਿਚ ਗੁਰਸਿੱਖੀ ਕਿਰਦਾਰ ਹੈ ਇਸ ਕਿਰਦਾਰ ਦਾ ਧਾਰਨੀ ਹੀ ਗੁਰਸਿੱਖ ਹੋ ਸਕਦਾ ਹੈ ਅਤੇ ਇਸ ਤੋਂ ਡਿੱਗ ਜਾਣ ਵਾਲਾ ਪਤਿਤ। ਪਤਿਤ ਤੋਂ ਪੁਨੀਤ ਹੋਣ ਦੀ ਜੁਗਤ ਫਿਰ ਉਹੋ ਹੀ ਹੈ ਕਿ ਸੱਚ ਨਾਮ ਆਚਾਰ ਨੂੰ ਧਾਰਨ ਕਰੇ।


ਮਹਾਂਪੁਰਸ਼ਾਂ ਨੇ ਅਜੋਕੇ ਦੌਰ ਚ ਜੀਵਨ ਵਿਚ ਰੂਹਾਨੀ ਅਤੇ ਇਖਲਾਕੀ ਪੱਖੋਂ ਆ ਰਹੇ ਨਿਘਾਰ ਨੂੰ ਅਸਲ ਪਤਿਤਪੁਣੇ ਦਸਿਆ। ਜਿਸ ਤੋਂ ਜਿਆਦਾ ਚਿੰਤਾ ਕਰਨ ਦੀ ਲੋੜ ਹੈ। ਉਨ੍ਹਾਂ ਦਲੀਲ ਦਿੱਤੀ ਕਿ ਜਦ ਕੇਸ ਕਤਲ ਕਰਵਾਉਣ ਵਾਲੇ ਨੌਜਵਾਨਾਂ ਨੂੰ ਕੋਸਣ ਵਾਲੇ ਖੁਦ ਆਪਣੇ ਕਿਰਦਾਰ ਨੂੰ ਗੁਰਬਾਣੀ ਵਿੱਚ ਦਰਸਾਏ ਗੁਰਸਿੱਖੀ ਆਦਰਸ਼ਾਂ ਅਸੂਲਾਂ ਦਾ ਧਾਰਨੀ ਬਣਾ ਲੈਣਗੇ ਤਾਂ ਪਤਿਤਪੁਣੇ ਦੇ ਰੁਝਾਨ ਨੂੰ ਖੁਦ ਬ ਖੁਦ ਹੀ ਰੁਕ ਜਾਵੇਗਾ ਅਤੇ ਕੇਸ ਕਤਲ ਕਰਵਾਉਣ ਦੀ ਪ੍ਰਵਿਰਤੀ ਨੂੰ ਰੋਕਣਾ ਆਸਾਨ ਹੋ ਜਾਵੇਗਾ। ਸੰਚਾਰ ਸਾਧਨਾਂ ਦੇ ਯੁੱਗ ਵਿਚ ਭਾਸ਼ਾ ਤੇ ਕਾਬੂ ਰੱਖਣ ਦੇ ਨਾਲ ਨਾਲ ਜ਼ਬਾਨੀ ਤੇ ਲਿਖਤੀ ਰੂਪ ਵਿੱਚ ਹੋ ਰਿਹਾ ਭੰਡੀ ਪ੍ਰਚਾਰ ਨੌਜਵਾਨੀ ਨੂੰ ਗੁਰਮਿਤ ਦੇ ਨੇੜੇ ਲਿਆਉਣ ਚ ਸਭ ਤੋਂ ਵੱਧ ਅੜਿੱਕਾ ਬਣਿਆ ਹੋਇਆ ਹੈ। ਇਸ ਪੱਖ ਨੂੰ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ ਕਿਉਕਿ ਪਤਿਤਪੁਣਾ ਕਿਸੇ ਵੀ ਧਰਮ ਸਮਾਜ ਕੌਮ ਵਿਚਾਰਧਾਰਾ ਲਈ ਸ਼ੁਭ ਸੰਕੇਤ ਨਹੀਂ ਹੁੰਦਾ। ਉਨ੍ਹਾਂ ਬੁਲੰਦੀਆਂ ਤੋਂ ਗਿਰਾਵਟ ਵੱਲ ਵੱਲ ਦੇ ਸਫ਼ਰ ਨੂੰ ਪਤਿਤਪੁਣਾ ਦਸਿਆ।ਖਾਲਸਾ ਸਾਜਨਾ ਦਿਵਸ ਮੌਕੇ ਜਵੱਦੀ ਟਕਸਾਲ ਵਿਖੇ ਵੱਡੀ ਪੱਧਰ ‘ਤੇ ਅੰਮ੍ਰਿਤ ਸੰਚਾਰ ਵੀ ਹੋਇਆ। ਅੱਜ ਦੇ ਸਮਾਗਮ ਅੰਦਰ ਸੰਗਤਾਂ ਹੁੰਮ ਹੁੰਮਾ ਕੇ ਪਹੁੰਚੀਆਂ। ਸਮਾਪਤੀ ਤੋਂ ਬਾਅਦ ਗੁਰੂ ਕੇ ਲੰਗਰ ਅਤੁੱਟ ਵਰਤੇ।

Story You May Like