The Summer News
×
Tuesday, 21 May 2024

ਬਹੁਪੱਖੀ ਸ਼ਖਸੀਅਤ : ਅਸ਼ਵਨੀ ਜੇਤਲੀ

- ਸਰਬਜੀਤ ਲੁਧਿਆਣਵੀ-


ਪੰਜਾਬੀ ਪੱਤਰਕਾਰੀ ਦਾ ਬਾਬਾ ਬੋਹੜ ਕਹੇ ਜਾਂਦੇ ਸੀਨੀਅਰ ਜਰਨਲਿਸਟ ਅਸ਼ਵਨੀ ਜੇਤਲੀ ਦੀ ਸ਼ਖਸੀਅਤ ਬਾਰੇ ਲਿਖਣਾ ਕੋਈ ਆਸਾਨ ਕਾਰਜ ਨਹੀਂ, ਪਰ ਮੈਂ ਉਹਨਾਂ ਬਾਰੇ ਲਿਖਣ ਦਾ ਯਤਨ ਕਰ ਰਿਹਾ ਹਾਂ। ਕੋਸ਼ਿਸ਼ ਕੀਤੀ ਹੈ ਕਿ ਅਸ਼ਵਨੀ ਜੇਤਲੀ ਦੀ ਬਹੁਪੱਖੀ ਸ਼ਖ਼ਸੀਅਤ ਬਾਰੇ ਹਰ ਪੱਖ ਤੋਂ ਪਾਠਕਾਂ ਨੂੰ ਜਾਣੂੰ ਕਰਵਾਵਾਂ, ਪਰ ਫੇਰ ਵੀ ਸ਼ਾਇਦ ਮੁਕੰਮਲ ਰੂਪ ਵਿਚ ਇਸ ਪਰਪੱਕ ਸ਼ਖਸੀਅਤ ਨੂੰ ਪਾਠਕਾਂ ਦੇ ਰੂ ਬ ਰੂ ਕਰਨ ਵਿਚ ਕੋਈ ਕਸਰ ਰਹਿ ਜਾਵੇ।


ਲੁਧਿਆਣਾ ਵਿਖੇ ਪਿਤਾ ਕਾਨੂੰਨਗੋ ਪ੍ਰੇਮ ਕੁਮਾਰ ਜੇਤਲੀ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਸੁਦੇਸ਼ ਕੁਮਾਰੀ ਦੀ ਕੁੱਖੋਂ 1 ਅਕਤੂਬਰ, 1955 ਨੂੰ ਪੈਦਾ ਹੋਏ ਅਸ਼ਵਨੀ ਜੇਤਲੀ ਨੂੰ ਕਾਲਜ ਪੜ੍ਹਦਿਆਂ ਹੀ ਲਿਖਣ ਦੀ ਚੇਟਕ ਲੱਗ ਗਈ ਅਤੇ ਇਸੇ ਦੌਰਾਨ 'ਅਜੀਤ', 'ਅਕਾਲੀ ਪਤ੍ਰਿਕਾ', 'ਜੱਥੇਦਾਰ' ਤੇ ਰੋਜ਼ਾਨਾ 'ਸੂਰਜ' ਵਰਗੇ ਪੰਜਾਬੀ ਦੇ ਕਈ ਅਖਬਾਰਾਂ ਵਿਚ ਉਹਨਾਂ ਦੀਆਂ ਗ਼ਜ਼ਲਾਂ, ਕਵਿਤਾਵਾਂ, ਕਹਾਣੀਆਂ ਅਤੇ ਆਰਟੀਕਲ ਪ੍ਰਕਾਸ਼ਿਤ ਹੋਏ। ਇਸੇ ਦੌਰਾਨ ਅਸ਼ਵਨੀ ਜੇਤਲੀ ਨੇ ਸਾਹਿੱਤਕ ਮੈਗ਼ਜ਼ੀਨ 'ਅਲੰਕਾਰ', ਸਪਤਾਹਿਕ 'ਹਰਫ਼' ਦੀ ਸੰਪਾਦਨਾ ਵੀ ਕੀਤੀ। ਅਤੇ ਨਾਲ ਹੀ ਪੰਜਾਬ ਸਮਾਲ ਸਕੇਲ ਇੰਡਸਟਰੀਜ਼ ਕਾਰਪੋਰੇਸ਼ਨ ਵਿਚ ਨੌਕਰੀ ਕੀਤੀ।


1979 ਪੰਜਾਬੀ ਵਿਸ਼ੇ ਵਿਚ ਐਮ.ਏ. ਕਰਨ ਮਗਰੋਂ ਅਸ਼ਵਨੀ ਜੇਤਲੀ ਨੇ ਕੁਝ ਦੇਰ 'ਪੰਜਾਬੀ ਟ੍ਰਿਬਿਊਨ' ਵਿਚ ਕਾਪੀ ਰਾਈਟਰ ਵਜੋਂ ਸੇਵਾ ਨਿਭਾਈ ਅਤੇ ਫਿਰ ਅਪ੍ਰੈਲ 1980 ਵਿਚ ਲੁਧਿਆਣਾ ਨਿਵਾਸੀ ਰਾਜਿੰਦਰ ਸਿੰਘ ਜੌਲੀ ਦੀ ਬੇਟੀ ਚੰਚਲ ਨਾਲ ਵਿਆਹ ਬੰਧਨ ਵਿਚ ਬੱਝਣ ਮਗਰੋਂ 'ਰੋਜ਼ਾਨਾ ਸੂਰਜ' ਦੇ ਨਿਊਜ਼ ਐਡੀਟਰ ਲੱਗ ਗਏ। ਅਗਸਤ,1986 ਵਿਚ ਜਲੰਧਰ ਤੋਂ ਛਪਦੇ ਰੋਜ਼ਾਨਾ ਅਖਬਾਰ 'ਜਨਤਕ ਲਹਿਰ' ਵਿਚ ਬਤੌਰ ਨਿਊਜ਼ ਐਡੀਟਰ ਸੇਵਾ ਨਿਭਾਉਣ ਲੱਗੇ। ਇਥੋਂ ਹੀ ਛਪਦੇ ਰੋਜ਼ਾਨਾ 'ਅੱਜ ਦੀ ਆਵਾਜ਼' ਵਿਚ ਵੀ 1988 ਤੋਂ 1990 ਤਕ ਬਤੌਰ ਨਿਊਜ਼ ਐਡੀਟਰ ਸੇਵਾ ਨਿਭਾਈ। ਏਸ ਸਮੇਂ ਦੌਰਾਨ ਹੀ ਆਲ ਇੰਡੀਆ ਰੇਡੀਓ ਜਲੰਧਰ ਵਿਖੇ ਕੈਜ਼ੂਅਲ ਅਨਾਊਂਸਰ ਵਜੋਂ ਵੀ ਸੇਵਾਵਾਂ ਦਿੱਤੀਆਂ। ਅਤੇ ਜਲੰਧਰ ਦੂਰਦਰਸ਼ਨ 'ਤੇ ਵਾਇਸ ਓਵਰ ਆਰਟਿਸਟ, ਸਕ੍ਰਿਪਟ ਰਾਈਟਰ, ਐਂਕਰ ਅਤੇ ਐਕਸਪਰਟ ਬੁਲਾਰੇ ਵਜੋਂ ਕਈ ਪ੍ਰੋਗਰਾਮ ਪੇਸ਼ ਕੀਤੇ।


ਅਪ੍ਰੈਲ 1990 ਤੋਂ 1999 ਤਕ ਹਿੰਦੀ ਦੇ ਰੋਜ਼ਾਨਾ ਅਖਬਾਰ 'ਦੈਨਿਕ ਕਮਲ ਨੇਤਰ' ਦੇ ਨਿਊਜ਼ ਐਡੀਟਰ ਵਜੋਂ ਅਤੇ 1990 ਤੋਂ 2001 ਤਕ ਮੈਨੇਜਿੰਗ ਐਡੀਟਰ ਵਜੋਂ ਸੇਵਾਵਾਂ ਨਿਭਾਈਆਂ। ਸਾਲ 2003 ਤੋਂ 2013 ਤਕ ਲੁਧਿਆਣਾ ਤੋਂ ਰੋਜ਼ਾਨਾ 'ਅਜੀਤ' ਦੇ ਬਿਓਰੋ ਚੀਫ਼ ਰਹੇ।


ਅਸ਼ਵਨੀ ਜੇਤਲੀ ਦਾ ਇਕਲੌਤਾ ਸਪੁੱਤਰ ਅਦਿੱਤਿਆ ਜੇਤਲੀ ਅੰਗਰੇਜ਼ੀ ਅਖਬਾਰ 'ਟਾਈਮਜ਼ ਆਫ ਇੰਡੀਆ' ਦਾ ਸਟਾਫ਼ ਫੋਟੋ ਜਰਨਲਿਸਟ ਸੀ ਜਿਸਦੇ ਬੇਵਕਤੀ ਅਕਾਲ ਚਲਾਣੇ ਅਤੇ ਪਤਨੀ ਦੇ ਦੇਹਾਂਤ ਮਗਰੋਂ ਅਸ਼ਵਨੀ ਜੇਤਲੀ ਨੇ ਕੁਝ ਸਮੇਂ ਲਈ ਸਰਗਰਮ ਪੱਤਰਕਾਰਤਾ ਤੋਂ ਕਿਨਾਰਾ ਕਰ ਲਿਆ। ਪਰ ਜ਼ਿੰਦਗੀ ਨੂੰ ਹਮੇਸ਼ਾ ਚੁਣੌਤੀ ਮੰਨ ਕੇ ਚੱਲਣ ਵਾਲੇ ਅਸ਼ਵਨੀ ਜੇਤਲੀ ਇਕ ਵਾਰ ਫਿਰ ਪੱਤਰਕਾਰਿਤਾ ਦੇ ਮਾਧਿਅਮ ਰਾਹੀਂ ਸਮਾਜ ਦੀ ਸੇਵਾ ਲਈ ਸਮਰਪਿਤ ਹੋ ਗਏ। ਪੰਜਾਬੀ ਜਾਗਰਣ ਅਤੇ ਰੋਜ਼ਾਨਾ ਸਪੋਕਸਮੈਨ ਵਿਚ ਬਤੌਰ ਬਿਓਰੋ ਚੀਫ਼ ਸੇਵਾ ਨਿਭਾਉਣ ਤੋੰ ਬਾਅਦ ਵਰਤਮਾਨ ਵਿਚ ਵੈਬ ਚੈਨਲ 'ਦਾ ਸਮਰ ਨਿਊਜ਼' ਦੇ ਨਿਊਜ਼ ਐਡੀਟਰ ਵਜੋਂ ਸੇਵਾ ਨਿਭਾਅ ਰਹੇ ਹਨ।


ਪੱਤਰਕਾਰੀ ਦੇ ਨਾਲ ਨਾਲ ਉਹ ਰੰਗਮੰਚ ਨੂੰ ਵੀ ਸਮਰਪਿਤ ਹਨ ਅਤੇ ਰੰਗਮੰਚ ਰੰਗਨਗਰੀ (ਰਜਿ:) ਨਾਮਕ ਸੰਸਥਾ ਦੇ ਚੇਅਰਮੈਨ ਵੀ ਹਨ। ਬੇਟੇ ਦੀ ਯਾਦ ਵਿਚ ਬਣੀ ਸੰਸਥਾ 'ਅਦਿੱਤਿਆ ਜੇਤਲੀ ਮੈਮੋਰੀਅਲ ਸੁਸਾਇਟੀ ਦੇ ਮਾਧਿਅਮ ਤੋੰ ਸਮਾਜ ਸੇਵਾ ਦੇ ਕਾਰਜਾਂ ਨਾਲ ਵੀ ਜੁੜੇ ਹਨ।


ਸਾਹਿੱਤਕ ਹਲਕਿਆਂ ਅਸ਼ਵਨੀ ਜੇਤਲੀ ਦਾ ਨਾਮ ਇਕ ਉੱਘੇ ਕਵੀ ਅਤੇ ਗ਼ਜ਼ਲਗੋ ਵਜੋਂ ਲਿਆ ਜਾਂਦਾ ਹੈ। ਕੋਰੋਨਾਕਾਲ ਵਿਚ ਪ੍ਰਕਾਸ਼ਿਤ ਅਸ਼ਵਨੀ ਜੇਤਲੀ ਦੀ ਪੁਸਤਕ 'ਤਿੜਕੇ ਸੁਪਨੇ ਦੀ ਗਾਥਾ' ਚਰਚਾ ਵਿਚ ਰਹੀ। ਉਹਨਾਂ ਦਾ ਅਗਲਾ ਕ‍ਾਵਿ-ਸੰਗ੍ਰਹਿ 'ਜਦੋਂ ਮੈਂ ਚੁੱਪ ਹੁੰਦਾ ਹਾਂ' ਜਲਦੀ ਹੀ ਸਾਹਿੱਤ ਪ੍ਰੇਮੀਆਂ ਦੇ ਰੂ ਬਰੂ ਹੋਵੇਗਾ।

Story You May Like